ਅਫਰੀਕਾ ਦੇ ''ਗਾਂਧੀ'' ਨੈਲਸਨ ਮੰਡੇਲਾ ਦੀ ਅੱਜ 100ਵੀਂ ਵਰ੍ਹੇਗੰਢ

07/18/2018 1:13:55 PM

ਜੋਹਾਨਸਬਰਗ (ਬਿਊਰੋ)— ਨੈਲਸਨ ਮੰਡੇਲਾ ਜਿਨ੍ਹਾਂ ਨੇ ਸਮਾਜ ਦੇ ਕਮਜ਼ੋਰ ਵਰਗ ਲਈ ਲੜਾਈ ਲੜੀ, ਅੱਜ (18 ਜੁਲਾਈ) ਉਨ੍ਹਾਂ ਦਾ 100ਵਾਂ ਜਨਮਦਿਨ ਹੈ। ਇਸ ਮੌਕੇ ਪੂਰੀ ਦੁਨੀਆ ਦੇ ਲੋਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਮੰਡੇਲਾ ਮਹਾਤਮਾ ਗਾਂਧੀ ਤੋਂ ਪ੍ਰਭਾਵਿਤ ਸਨ ਅਤੇ ਦੱਖਣੀ ਅਫਰੀਕਾ ਦੇ ਪਹਿਲੇ ਗੈਰ ਗੋਰੇ ਰਾਸ਼ਟਰਪਤੀ ਸਨ। ਨੈਲਸਨ ਮੰਡੇਲਾ ਅਜਿਹੇ ਨੇਤਾ ਦੇ ਤੌਰ 'ਤੇ ਸਾਹਮਣੇ ਆਏ ਸਨ, ਜਿਨ੍ਹਾਂ ਨੂੰ ਅੱਜ ਵੀ ਲੋਕ ਫੋਲੋ ਕਰਨਾ ਚਾਹੁੰਦੇ ਹਨ। ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀ ਮੰਨੀਏ ਤਾਂ ਉਹ ਆਪਣੀ ਜ਼ਿੰਦਗੀ ਵਿਚ ਮੰਡੇਲਾ ਦੀਆਂ ਕਹੀਆਂ ਗਈਆਂ ਗੱਲਾਂ ਅਪਨਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਮੰਡੇਲਾ ਨੂੰ ਅਮਰੀਕਾ ਨੇ ਅੱਤਵਾਦੀਆਂ ਦੀ ਲਿਸਟ ਵਿਚ ਪਾਇਆ ਹੋਇਆ ਸੀ।
ਨੈਲਸਨ ਮੰਡੇਲਾ ਦਾ ਜਨਮ ਅਤੇ ਜੀਵਨ
ਨੈਲਸਨ ਮੰਡੇਲਾ ਦਾ ਜਨਮ ਦੱਖਣੀ ਅਫਰੀਕਾ ਵਿਚ ਬਾਸ ਨਦੀ ਦੇ ਕਿਨਾਰੇ ਟ੍ਰਾਂਸਕੀ ਦੇ ਮਰਵੇਜੋ ਪਿੰਡ ਵਿਚ 18 ਜੁਲਾਈ 1918 ਨੂੰ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਮ ਨੈਲਸਨ ਰੋਲਹਿਲਾਹਲਾ ਮੰਡੇਲਾ (Nelson Rolihlahla Mandela) ਸੀ। ਲੋਕ ਪਿਆਰ ਨਾਲ ਉਨ੍ਹਾਂ ਨੂੰ 'ਮਦੀਬਾ' ਬੁਲਾਉਂਦੇ ਸਨ। ਲੋਕ ਉਨ੍ਹਾਂ ਨੂੰ 'ਅਫਰੀਕਾ ਦਾ ਗਾਂਧੀ' ਵੀ ਕਹਿੰਦੇ ਹਨ। ਮੰਡੇਲਾ ਦੱਖਣੀ ਅਫਰੀਕਾ ਦੇ ਪਹਿਲੇ ਗੈਰ ਗੋਰੇ ਰਾਸ਼ਟਰਪਤੀ ਸਨ। ਉਨ੍ਹਾਂ ਦਾ ਰਾਸ਼ਟਰਪਤੀ ਬਣਨ ਦਾ ਸਫਰ ਕਾਫੀ ਮੁਸ਼ਕਲਾਂ ਭਰਿਆ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਦੱਖਣੀ ਅਫਰੀਕਾ ਵਿਚ ਸਦੀਆਂ ਤੋਂ ਚੱਲ ਰਹੇ ਰੰਗਭੇਦ ਦਾ ਵਿਰੋਧ ਕਰਨ ਵਾਲੀ ਅਫਰੀਕੀ ਨੈਸ਼ਨਲ ਕਾਂਗਰਸ ਅਤੇ ਇਸ ਦੇ ਆਰਮਡ ਗਰੁੱਪ ਉਮਖੋਂਤੋ ਵੇ ਸਿਜਵੇ ਦੇ ਪ੍ਰਧਾਨ ਵੀ ਰਹੇ। ਰੰਗਭੇਦ ਵਿਰੁੱਧ ਸੰਘਰਸ਼ ਕਾਰਨ ਮੰਡੇਲਾ ਨੂੰ 27 ਸਾਲ ਜੇਲ ਵਿਚ ਕੱਟਣੇ ਪਏ। ਉਨ੍ਹਾਂ ਨੂੰ ਰਾਬੇਨ ਟਾਪੂ ਦੀ ਜੇਲ ਵਿਚ ਰੱਖਿਆ ਗਿਆ ਸੀ। ਉੱਥੇ ਮੰਡੇਲਾ ਕੋਲਾ ਖਾਨ ਦੇ ਮਜ਼ਦੂਰ ਦੇ ਤੌਰ 'ਤੇ ਕੰਮ ਕਰਦੇ ਸਨ। 


ਸਾਲ 1990 ਵਿਚ ਗੋਰੀ ਸਰਕਾਰ ਨਾਲ ਹੋਏ ਇਕ ਸਮਝੌਤੇ ਦੇ ਬਾਅਦ ਉਨ੍ਹਾਂ ਨੇ ਨਵੇਂ ਦੱਖਣੀ ਅਫਰੀਕਾ ਦਾ ਨਿਰਮਾਣ ਕੀਤਾ। ਉਸ ਮਗਰੋਂ ਮੰਡੇਲਾ ਦੱਖਣੀ ਅਫਰੀਕਾ ਦੇ ਨਾਲ-ਨਾਲ ਪੂਰੀ ਦੁਨੀਆ ਵਿਚ ਰੰਗਭੇਦ ਦਾ ਵਿਰੋਧ ਕਰਨ ਦੇ ਪ੍ਰਤੀਕ ਬਣ ਗਏ। ਮੰਡੇਲਾ ਦੇ ਜਿਉਂਦੇ ਰਹਿੰਦੇ ਹੀ ਸੰਯੁਕਤ ਰਾਸ਼ਟਰ ਨੇ ਸਨਮਾਨ ਵਜੋਂ ਉਨ੍ਹਾਂ ਦੇ ਜਨਮਦਿਨ ਨੂੰ 'ਨੈਲਸਨ ਮੰਡੇਲਾ ਇੰਟਰਨੈਸ਼ਨਲ ਡੇਅ' ਦੇ ਤੌਰ 'ਤੇ ਮਨਾਉਣ ਦਾ ਫੈਸਲਾ ਲਿਆ ਸੀ। 5 ਦਸੰਬਰ 2013 ਨੂੰ 95 ਸਾਲ ਦੀ ਉਮਰ ਵਿਚ ਉਨ੍ਹਾਂ ਦੀ ਮੌਤ ਹੋ ਗਈ।
ਅਮਰੀਕਾ ਦੀ ਅੱਤਵਾਦੀ ਸੂਚੀ ਵਿਚ ਰਿਹਾ ਹੈ ਨਾਮ
ਨੈਲਸਮ ਮੰਡੇਲਾ ਦਾ ਨਾਮ ਅਮਰੀਕਾ ਦੀ ਅੱਤਵਾਦੀ ਸੂਚੀ ਵਿਚ ਰਿਹਾ ਹੈ। ਸਾਲ 2008 ਵਿਚ ਜਦੋਂ ਬਰਾਕ ਓਬਾਮਾ ਅਮਰੀਕਾ ਦੇ ਪਹਿਲੇ ਗੈਰ ਗੋਰੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦਾ ਨਾਮ ਇਸ ਸੂਚੀ ਵਿਚੋਂ ਹਟਾ ਦਿੱਤਾ ਗਿਆ ਸੀ। ਉਨ੍ਹਾਂ ਦੇ ਨਾਲ ਅਫਰੀਕੀ ਨੈਸ਼ਨਲ ਕਾਂਗਰਸ ਦੇ ਕੁਝ ਮੈਂਬਰਾਂ ਨੂੰ ਵੀ ਅਮਰੀਕਾ ਨੇ ਇਸ ਲਿਸਟ ਵਿਚ ਪਾਇਆ ਹੋਇਆ ਸੀ। ਅਜਿਹਾ ਇਸ ਲਈ ਸੀ ਕਿਉਂਕਿ ਅਮਰੀਕਾ ਦਾ ਮੰਨਣਾ ਸੀ ਕਿ ਰੰਗਭੇਦ ਨੀਤੀ ਵਿਰੁੱਧ ਮੰਡੇਲਾ ਅਤੇ ਅਫਰੀਕੀ ਨੈਸ਼ਨਲ ਕਾਂਗਰਸ ਦੀ ਲੜਾਈ ਇਕ ਅੱਤਵਾਦੀ ਲੜਾਈ ਹੈ।
ਮਹਾਤਮਾ ਗਾਂਧੀ ਤੋਂ ਹੋਏ ਸਨ ਪ੍ਰਭਾਵਿਤ
ਮੰਡੇਲਾ ਕਾਫੀ ਹੱਦ ਤੱਕ ਮਹਾਤਮਾ ਗਾਂਧੀ ਦੇ ਵਿਚਾਰਾਂ ਨਾਲ ਪ੍ਰਭਾਵਿਤ ਸਨ। ਉਹ ਗਾਂਧੀ ਜੀ ਦੀ ਤਰ੍ਹਾਂ ਅਹਿੰਸਾ ਦੇ ਸਮਰਥਕ ਸਨ। ਉਨ੍ਹਾਂ ਨੇ ਗਾਂਧੀ ਨੂੰ ਆਪਣੀ ਪ੍ਰੇਰਣਾ ਦਾ ਸਰੋਤ ਮੰਨਿਆ ਸੀ ਅਤੇ ਉਨ੍ਹਾਂ ਦੇ ਆਦਰਸ਼ਾਂ 'ਤੇ ਚੱਲਦਿਆਂ ਆਪਣਾ ਸੰਘਰਸ਼ ਅੱਗੇ ਵਧਾਇਆ ਸੀ। ਨੈਲਸਨ ਮੰਡੇਲਾ ਨੇ ਜਿਸ ਤਰ੍ਹਾਂ ਦੇਸ਼ ਵਿਚ ਰੰਗਭੇਦ ਵਿਰੁੱਧ ਆਪਣੀ ਮੁਹਿੰਮ ਚਲਾਈ, ਉਸ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕੀਤਾ ਸੀ। ਇਹੀ ਕਾਰਨ ਹੈ ਕਿ ਭਾਰਤ ਸਰਕਾਰ ਨੇ ਸਾਲ 1990 ਵਿਚ ਉਨ੍ਹਾਂ ਨੂੰ ਭਾਰਤ ਦੇ ਸਰਵ ਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਨਾਲ ਸਨਮਾਨਿਤ ਕੀਤਾ। ਮੰਡੇਲਾ 'ਭਾਰਤ ਰਤਨ' ਪਾਉਣ ਵਾਲੇ ਪਹਿਲੇ ਵਿਦੇਸ਼ੀ ਹਨ। ਸਾਲ 1993 ਵਿਚ ਉਨ੍ਹਾਂ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਅੱਜ ਭਾਵੇ ਨੈਲਸਨ ਮੰਡੇਲਾ ਸਾਡੇ ਵਿਚਕਾਰ ਮੌਜੂਦ ਨਹੀਂ ਹਨ ਪਰ ਜਦੋਂ ਦੁਨੀਆ ਵਿਚ ਸ਼ਾਂਤੀ ਸਥਾਪਨਾ ਦੀ ਗੱਲ ਹੁੰਦੀ ਹੈ ਤਾਂ ਅਸੀਂ ਸਾਰੇ ਗਾਂਧੀ ਜੀ ਦੇ ਨਾਲ ਉਨ੍ਹਾਂ ਨੂੰ ਵੀ ਯਾਦ ਕਰਦੇ ਹਾਂ।