ਇਪਸਾ ਵੱਲੋਂ ਕਵੀ ਅੰਬਰੀਸ਼ ਦਾ ਸਨਮਾਨ, ''ਸੋਨੇ ਦੇ ਪੱਤਰੇ'' ਪੁਸਤਕ ਲੋਕ ਅਰਪਣ

01/15/2020 1:26:17 PM

ਬ੍ਰਿਸਬੇਨ,( ਸਤਵਿੰਦਰ ਟੀਨੂੰ )— ਆਸਟ੍ਰੇਲੀਆ ਦੀ ਲਗਾਤਾਰ ਕਾਰਜਸ਼ੀਲ ਸਾਹਿਤਕ ਸੰਸਥਾ 'ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ' ਵੱਲੋਂ ਆਸਟ੍ਰੇਲੀਆ ਦੌਰੇ 'ਤੇ ਆਏ ਗੌਰਮਿੰਟ ਮੈਡੀਕਲ ਕਾਲਜ ਅੰਮ੍ਰਿਤਸਰ ਦੇ ਸਾਬਕਾ ਪ੍ਰਿੰਸੀਪਲ ਡਾ. ਕਰਨੈਲ ਸਿੰਘ ਅਤੇ ਕਵੀ ਅੰਬਰੀਸ਼ (ਸਾਹਿਤਕ ਨਾਮ) ਦੇ ਸਨਮਾਨ ਵਿੱਚ ਇਕ ਸੰਖੇਪ ਸਮਾਗਮ 'ਇੰਡੋਜ਼ ਪੰਜਾਬੀ ਲਾਇਬ੍ਰੇਰੀ ਬ੍ਰਿਸਬੇਨ' ਵਿਖੇ ਰੱਖਿਆ ਗਿਆ। ਇਸ ਵਿੱਚ ਸਥਾਨਕ ਸ਼ਾਇਰਾਂ ਅਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਰੂ-ਬੂ-ਰੂ ਦੀ ਸ਼ੁਰੂਆਤ ਵਿੱਚ ਸਰਬਜੀਤ ਸੋਹੀ ਨੇ ਅੰਬਰੀਸ਼ ਹੁਰਾਂ ਦਾ ਤੁਆਰਫ਼ ਕਰਵਾਉਂਦਿਆਂ ਦੱਸਿਆ ਕਿ ਅੰਬਰੀਸ਼ ਜੋ ਕਿ ਮੈਡੀਕਲ ਖੇਤਰ ਨਾਲ ਜੁੜੇ ਹਨ, ਉਨ੍ਹਾਂ ਦਾ ਦਸਤਾਵੇਜ਼ਾਂ ਵਿੱਚ ਨਾਮ ਡਾ ਕਰਨੈਲ ਸਿੰਘ ਹੈ। ਅੰਮ੍ਰਿਤਸਰ ਦੇ ਮੈਡੀਕਲ ਕਾਲਜ ਤੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋਣ ਉਪਰੰਤ ਉਹ ਗੁਰੂ ਰਾਮ ਦਾਸ ਮੈਡੀਕਲ ਇੰਸਟੀਚਿਊਟ ਵਿਖੇ ਸੇਵਾਵਾਂ ਦੇ ਰਹੇ ਹਨ।

ਉਨ੍ਹਾਂ ਦੀਆਂ ਹੁਣ ਤੱਕ ਛੇ ਕਿਤਾਬਾਂ ਕਵਿਤਾਵਾਂ ਦੀਆਂ ਆ ਚੁੱਕੀਆਂ ਹਨ। ਕਵੀ ਦਰਬਾਰ ਵਿੱਚ ਬ੍ਰਿਸਬੇਨ ਦੇ ਸ਼ਾਇਰ ਰੁਪਿੰਦਰ ਸੋਜ਼, ਨੈਬ ਸਿੰਘ, ਦਲਵੀਰ ਹਲਵਾਰਵੀ, ਪਾਲ ਰਾਊਕੇ, ਹਾਸ ਵਿਅੰਗ ਕਵੀ ਸੋਢੀ ਸੱਤੋਵਾਲੀ ਆਦਿ ਨੇ ਭਰਵੀਂ ਹਾਜ਼ਰੀ ਲਵਾਈ। ਅੰਤ ਵਿੱਚ ਕਵੀ ਅੰਬਰੀਸ਼ ਨੇ ਆਪਣੇ ਜੀਵਨ ਅਤੇ ਰਚਨਾਵਾਂ ਨਾਲ ਸਾਂਝ ਪਵਾਉਦਿਆਂ ਖ਼ੂਬਸੂਰਤ ਰੰਗ ਬੰਨ੍ਹ ਦਿੱਤਾ। ਇਸ ਮੌਕੇ 'ਇੰਡੋਜ਼ ਪੰਜਾਬੀ ਸਾਹਿਤ ਅਕਾਡਮੀ ਆਫ਼ ਆਸਟ੍ਰੇਲੀਆ' ਵੱਲੋਂ ਉਨ੍ਹਾਂ ਨੂੰ ਸਨਮਾਨ ਪੱਤਰ ਦਿੱਤਾ ਗਿਆ। ਸਰਪ੍ਰਸਤ ਜਰਨੈਲ ਸਿੰਘ ਬਾਸੀ ਨੇ ਧੰਨਵਾਦੀ ਸ਼ਬਦ ਕਹੇ ਅਤੇ ਸਟੇਜ ਸੈਕਟਰੀ ਦੀ ਭੂਮਿਕਾ ਸਰਬਜੀਤ ਸੋਹੀ ਨੇ ਬਾਖੂਬੀ ਨਿਭਾਈ।