ਪਿਆਰ ''ਚ ਪਾਗਲ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਉਜਾੜਿਆ ਸੁਹਾਗ, ਦੋਸ਼ੀ ਕਰਾਰ

02/21/2018 12:14:04 PM

ਮੈਲਬੌਰਨ— ਪਿਆਰ ਅੰਨ੍ਹਾ ਹੁੰਦਾ ਹੈ, ਤੁਸੀਂ ਇਹ ਗੱਲ ਤਾਂ ਹਰ ਇਕ ਦੀ ਮੂੰਹੋਂ ਸੁਣੀ ਹੋਵੇਗੀ ਪਰ ਅਜਿਹਾ ਪਿਆਰ ਵੀ ਹੁੰਦਾ ਕਿ ਆਪਣਾ ਸੁਹਾਗ ਹੀ ਹੱਥੀਂ ਉਜਾੜ ਦਿੱਤਾ ਜਾਵੇ। ਆਸਟ੍ਰੇਲੀਆ ਦੇ ਸ਼ਹਿਰ ਮੈਲਬੌਰਨ 'ਚ ਰਹਿਣ ਵਾਲੀ ਸੋਫੀਆ ਸੈਮ ਨਾਂ ਦੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਸਦਾ ਲਈ ਮੌਤ ਦੀ ਨੀਂਦ ਸੁਆ ਦਿੱਤਾ। ਇਹ ਮਾਮਲਾ 14 ਅਕਤੂਬਰ 2015 ਦਾ ਹੈ। ਸੋਫੀਆ ਨੇ ਆਪਣੇ 33 ਸਾਲਾ ਪਤੀ ਸੈਮ ਅਬਰਾਹਿਮ ਨੂੰ ਪ੍ਰੇਮੀ ਅਰੁਣ ਕਮਲਾਸ਼ਨਨ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। ਲੰਬੀ ਜਾਂਚ ਤੋਂ ਬਾਅਦ ਵਿਕਟੋਰੀਆ ਦੀ ਸੁਪਰੀਮ ਕੋਰਟ ਨੇ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਓਧਰ ਸੋਫੀਆ ਅਤੇ ਉਸ ਦੇ ਪ੍ਰੇਮੀ ਅਰੁਣ ਨੇ ਕਤਲ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ।
ਸੋਫੀਆ ਨੇ ਦਾਅਵਾ ਕੀਤਾ ਸੀ ਕਿ ਉਹ ਆਪਣੇ ਪਤੀ ਦੀ ਮੌਤ ਤੋਂ ਅਣਜਾਣ ਸੀ, ਉਸ ਦਿਨ ਜਦੋਂ ਉਹ ਸਵੇਰੇ ਉੱਠੀ ਤਾਂ ਉਸ ਨੇ ਪਤੀ ਅਬਰਾਹਿਮ ਨੂੰ ਬੈੱਡ 'ਤੇ ਮ੍ਰਿਤਕ ਦੇਖਿਆ। ਇਹ ਮੰਨਿਆ ਜਾ ਰਿਹਾ ਸੀ ਕਿ ਅਬਰਾਹਿਮ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ ਪਰ ਪੋਸਟਮਾਰਟਮ ਰਿਪੋਰਟ ਸਾਹਮਣੇ ਆਉਣ ਮਗਰੋਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਅਬਰਾਹਿਮ ਜ਼ਹਿਰ ਦਿੱਤਾ ਗਿਆ ਸੀ। ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋ ਜਾਣ ਤੋਂ ਬਾਅਦ ਸੋਫੀਆ ਅਤੇ ਉਸ ਦੇ ਪ੍ਰੇਮੀ ਅਰੁਣ ਨੂੰ ਪੁਲਸ ਨੇ ਕੁਝ ਹੀ ਮਹੀਨਿਆਂ ਬਾਅਦ ਗ੍ਰਿਫਤਾਰ ਕਰ ਲਿਆ ਸੀ ਅਤੇ ਉਦੋਂ ਤੋਂ ਪੁਲਸ ਮੌਤ ਦੇ ਕਾਰਨਾਂ ਦੀ ਜਾਂਚ 'ਚ ਲੱਗੀ ਹੋਈ ਸੀ। ਮੁਕੱਦਮੇ ਦੌਰਾਨ ਦੋਹਾਂ ਵਿਚਾਲੇ ਡਾਇਰੀ ਨੋਟਸ ਵੀ ਦਿਖਾਏ ਗਏ ਸਨ, ਜਿਸ ਵਿਚ ਦੋਹਾਂ ਨੇ ਇਕ-ਦੂਜੇ ਲਈ ਆਪਣੇ ਪਿਆਰ ਦਾ ਪ੍ਰਗਟਾਵਾ ਕੀਤਾ ਸੀ।