ਨਾਟਕ ''ਕਿਸਾਨ ਖ਼ੁਦਕੁਸ਼ੀ ਦੇ ਮੋੜ ''ਤੇ'' ਦਾ ਫਰਿਜ਼ਨੋ ਵਿਖੇ ਸਫਲ ਮੰਚਨ

10/23/2017 2:40:18 PM

ਫਰਿਜ਼ਨੋ/ ਕੈਲੇਫੋਰਨੀਆ (ਨੀਟਾ ਮਾਛੀਕ)- ਪੰਜਾਬ ਦੇ ਕਿਸਾਨ ਦੀ ਆਰਥਿਕ 'ਤੇ  ਸਮਾਜਿਕ  ਦੁਰਦਸ਼ਾ ਨੂੰ ਬਿਆਨਦਾ ਅਸ਼ੋਕ ਟਾਂਗਰੀ ਦੁਆਰਾ ਨਿਰਦੇਸ਼ਤ ਅਤੇ ਤਾਰਾ ਸਾਗਰ ਦੀ ਪੇਸ਼ਕਸ਼ ਨਾਟਕ ''ਕਿਸਾਨ ਖ਼ੁਦਕੁਸ਼ੀ ਦੇ ਮੋੜ 'ਤੇ'' ਫਰਿਜ਼ਨੋ ਦੇ ਵੈਟਰਨ ਮੈਮੋਰੀਅਲ ਹਾਲ ਵਿਚ ਖੇਡਿਆ ਗਿਆ। ਬਾ-ਕਮਾਲ ਪੇਸ਼ਕਾਰੀ, ਇਕ ਕਿਸਾਨ ਦੇ ਜੀਵਨ ਦਾ ਐਸਾ ਚਿਤਰਨ ਸਿਰਜਿਆ ਕਿ ਦਰਸ਼ਕ ਬਹੁਤ ਵਾਰੀ ਰੋਏ ਤੇ ਬਹੁਤ ਵਾਰੀ ਹੱਸੇ। ਟਾਂਗਰੀ ਸਾਹਿਬ ਨੇ ਖ਼ੁਦ ਇਕ ਅਮਲੀ ਦਾ ਰੋਲ ਕੀਤਾ ਜਿਸ ਨੂੰ ਉਹਨਾਂ ਬਹੁਤ ਸ਼ਿੱਦਤ ਨਾਲ ਨਿਭਾਇਆ। ਜਸਵੰਤ ਸਾਦ ਨੇ ਨਾਟਕ ਦੇ ਮੁੱਖ ਪਾਤਰ ਮਤਲਬ ਕਿਸਾਨ ਦਾ ਰੋਲ ਅਦਾ ਕਰਕੇ ਨਾਟਕ ਵਿਚ ਨਵੀਂ ਰੂਹ ਫੂਕ ਦਿੱਤੀ।
ਡਿੰਪਲ ਬੈਂਸ ਜਿਨ੍ਹਾਂ ਨੇ ਕਿਸਾਨ ਦੀ ਪਤਨੀ ਦਾ ਰੋਲ ਕੀਤਾ, ਉਹਨਾਂ ਨੇ ਵੀ ਆਪਣੀ ਐਕਟਿੰਗ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ । ਸੋਨੂੰ ਬੈਂਸ ਵੀ ਭੱਇਏ ਦੇ ਰੋਲ 'ਚ ਪੂਰਾ ਜਚਿਆ। ਜੱਸੀ ਢਿੱਲੋਂ, ਜਿਸ ਨੇ ਕਿਸਾਨ ਦੇ ਬੇਟੇ ਦਾ ਰੋਲ ਕੀਤਾ ਉਹ ਅਦਾਕਾਰੀ ਦੀ ਇਕ ਵੱਖਰੀ ਛਾਪ ਛੱਡ ਗਿਆ।ਬੱਚੀ ਜਾਨਵੀ ਬੈਂਸ ਨੇ ਕਿਸਾਨ ਦੀ ਲੜਕੀ ਦਾ ਰੋਲ ਬਾਖੂਬੀ ਅਦਾ ਕੀਤਾ। ਸੈੱਟ ਐਨਾ ਜ਼ਬਰਦਸਤ ਲਾਇਆ ਸੀ ਕਿ ਅਸਲ 'ਚ ਇਹ ਪੰਜਾਬ ਦੇ ਕਿਸੇ ਘਰ ਦਾ ਭੁਲੇਖਾ ਪਾਉਂਦਾ ਸੀ। ਕਿਸਾਨ ਦੇ ਜੀਵਨ ਦੇ ਆਲੇ-ਦੁਆਲੇ ਘੁੰਮਦਾ ਇਹ ਨਾਟਕ ਇਕ ਵਾਰ ਤਾਂ ਹਰ ਦਰਸ਼ਕ ਨੂੰ ਸੱਚੀ ਪੰਜਾਬ ਲੈ ਗਿਆ । ਨਾਟਕ ਓਹੀ ਹੁੰਦਾ, ਜੋ ਦਰਸ਼ਕ ਨੂੰ ਉਂਗਲ ਫੜਕੇ ਨਾਲ ਤੋਰ ਲਵੇ। ਸ਼ੁਰੂ ਤੋਂ ਲੈਕੇ ਅਖੀਰ ਤੱਕ ਹਰ ਇਕ ਸੀਨ 'ਤੇ ਦਰਸ਼ਕਾਂ ਨੇ ਤਾੜੀਆਂ ਮਾਰੀਆਂ।


ਇਸ ਨਾਟਕ ਵਿਚ ਵਿਖਾਇਆ ਗਿਆ ਕਿ ਕਿਵੇਂ ਇਕ ਕਿਸਾਨ ਦਾ ਹੱਸਦਾ-ਵੱਸਦਾ ਘਰ ਕੁਝ ਸਰਕਾਰਾਂ, ਕੁਝ ਕੁ ਸਮਾਜ 'ਤੇ ਕੁਝ ਕੁ ਓਹਦੀਆਂ ਆਪਣੀਆਂ ਗਲਤੀਆਂ ਕਰਕੇ ਇਕ ਤਰ੍ਹਾਂ ਨਾਲ ਉੱਜੜ ਜਾਂਦਾ ਹੈ।ਧੀਆਂ-ਪੁਤਰਾਂ ਦੇ ਵਿਆਹਾਂ ਦਾ ਕਰਜ਼ ਅਤੇ ਮੰਡੀਆਂ ਵਿਚ ਹੁੰਦੀ ਕਿਸਾਨ ਦੀ ਸਰਕਾਰੀ ਲੁੱਟ ਹੀ ਕਿਸਾਨ ਦੇ ਗਲ੍ਹ ਦਾ ਫੰਦਾ ਬਣ ਜਾਂਦੀ ਹੈ।
ਡਾਕਟਰ ਹਰਮੇਸ਼ ਅਤੇ ਗੁਰਦੀਪ ਸ਼ੇਰਗਿੱਲ ਵੀ ਸਟੇਜ 'ਤੇ ਮੁਖਾਤਿਬ ਹੋਏ। ਸਟੇਜ ਸੰਚਾਲਨ ਉੱਘੇ ਸ਼ਾਇਰ ਹਰਜਿੰਦਰ ਕੰਗ ਨੇ ਕੀਤਾ। ਅਖੀਰ ਅਮਿੱਟ ਪੈੜਾਂ ਛੱਡਦਾ ਇਹ ਨਾਟਕ ਯਾਦਗਾਰੀ ਹੋ ਨਿਬੜਿਆ। ਇਕੱਲੇ-ਇਕੱਲੇ ਕਿਰਦਾਰ ਨੂੰ ਜਿਸ ਤਰੀਕੇ ਨਾਲ ਸਭਨਾਂ ਕਲਾਕਾਰਾਂ ਨੇ ਨਿਭਾਇਆ, ਸਭ ਦੀ ਸਿਫ਼ਤ ਕਰਨੀ ਬਣਦੀ ਹੈ। ਇਹ ਨਾਟਕ ਜੀ. ਐੱਚ. ਜੀ. ਅਕੈਡਮੀ 'ਤੇ ਇੰਡੋ ਯੂ. ਐੱਸ. ਹੈਰੀਟੇਜ਼ 'ਤੇ ਇੰਡੋ ਅਮੈਰਕਿਨ ਹੈਰੀਟੇਜ਼ ਦੇ ਸਹਿਯੋਗ ਨਾਲ ਨੇਪਰੇ ਚੜਿਆ। ਇਸ ਮੌਕੇ ਨਾਜ਼ਰ ਸਿੰਘ ਸਹੋਤਾ, ਚਰਨਜੀਤ ਸਿੰਘ ਸਹੋਤਾ, ਗਾਇਕ ਅਕਾਸ਼ਦੀਪ, ਜਗਦੇਵ ਸਿੰਘ ਧੰਜਲ, ਧਰਮਵੀਰ ਥਾਂਦੀ, ਗੁਲੂ ਬਰਾੜ, ਅਮਰਜੀਤ ਦੌਧਰ, ਸ਼ਰੋਮਣੀ ਕਮੇਟੀ ਮੈਂਬਰ ਜੁਗਰਾਜ ਸਿੰਘ ਦੌਧਰ , ਰਣਜੀਤ ਗਿੱਲ, ਮਲਕੀਤ ਸਿੰਘ ਕਿੰਗਰਾ ਆਦਿ ਵੀ ਦਰਸ਼ਕਾਂ ਵਿਚ ਸ਼ਾਮਲ ਰਹੇ।