ਭਿਆਨਕ ਗਰਮੀ, ਹਨੇਰੀ-ਝੱਖੜ ਅਤੇ ਹੁਣ ਬਰਫਬਾਰੀ, ਨਿਊ ਸਾਊਥ ਵੇਲਜ਼ ''ਚ ਮੌਸਮ ਬਦਲ ਰਿਹੈ ਆਪਣਾ ਮਿਜ਼ਾਜ

02/20/2017 1:00:05 PM

ਸਿਡਨੀ— ਫਰਵਰੀ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਆਸਟਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ''ਚ ਮੌਸਮ ਦਾ ਮਿਜਾਜ਼ ਲਗਾਤਾਰ ਬਦਲਦਾ ਰਿਹਾ ਹੈ। ਮਹੀਨੇ ਦੀ ਸ਼ੁਰੂਆਤ ''ਚ ਇੱਥੇ ਭਿਆਨਕ ਗਰਮੀ ਪਈ। ਸੂਬੇ ''ਚ ਕਈ ਥਾਂਈ ਤਾਂ ਤਾਪਮਾਨ 45 ਡਿਗਰੀ ਤੋਂ ਉੱਪਰ ਪਹੁੰਚ ਗਿਆ। ਇਸ ਕਾਰਨ ਆਮ ਲੋਕਾਂ ਦੇ ਨਾਲ-ਨਾਲ ਜਾਨਵਰ ਵੀ ਹਾਲੋਂ-ਬੇਹਾਲ ਹੋ ਗਏ। ਇੰਨਾ ਹੀ ਨਹੀਂ, ਗਰਮੀ ਦੇ ਕਾਰਨ ਸੂਬੇ ''ਚ ਕਈ ਥਾਂਈਂ ਝਾੜੀਆਂ ਨੂੰ ਅੱਗ ਤੱਕ ਲੱਗ ਗਈ। ਇਸ ਦੌਰਾਨ ਸਭ ਤੋਂ ਬੁਰਾ ਹਾਲ ਤਾਂ ਰਾਜਧਾਨੀ ਸਿਡਨੀ ਦਾ ਰਿਹਾ। ਫਿਰ ਪਿਛਲੇ ਹਫ਼ਤੇ ਪਏ ਮੀਂਹ ਕਾਰਨ ਲੋਕਾਂ ਨੂੰ ਜਿੱਥੇ ਗਰਮੀ ਤੋਂ ਥੋੜ੍ਹੀ ਰਾਹਤ ਮਿਲੀ, ਉੱਥੇ ਹੀ ਇਸ ਦੇ ਨਾਲ ਆਏ ਭਿਆਨਕ ਤੂਫਾਨ ਅਤੇ ਗੜੇਮਾਰੀ ਨੇ ਉਨ੍ਹਾਂ ਦੀਆਂ ਮੁਸੀਬਤਾਂ ਨੂੰ ਕਈ ਗੁਣਾਂ ਵਧਾ ਦਿੱਤਾ।
ਇਸ ਸਭ ਦੇ ਦਰਮਿਆਨ ਐਤਵਾਰ ਰਾਤ ਨੂੰ ਸੂਬੇ ਦੇ ਪਹਾੜੀ ਇਲਾਕਿਆਂ ''ਚ ਹਲਕੀ ਬਰਫ਼ਬਾਰੀ ਹੋਈ। ਗਰਮੀਆਂ ਦੇ ਮੌਸਮ ''ਚ ਹੋਈ ਇਸ ਬਰਫ਼ਬਾਰੀ ਨੇ ਲੋਕਾਂ ਨੂੰ ਹੈਰਾਨੀ ''ਚ ਪਾ ਦਿੱਤਾ। ਇਸ ਬਾਰੇ ''ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੌਸਮ ਵਿਗਿਆਨੀ ਗ੍ਰੀਮ ਬ੍ਰਿਟੇਟਨ ਨੇ ਕਿਹਾ ਕਿ ਤਸਮਾਨੀਆ ਦੇ ਪੂਰਬ ''ਚ ਬਣੇ ਘੱਟ ਦਬਾਅ ਵਾਲੇ ਖੇਤਰ ਦੇ ਦੱਖਣੀ-ਪੂਰਬੀ ਤੱਟ ਦੇ ਕੋਲੋਂ ਲੰਘ ਜਾਣ ਕਾਰਨ ਦੱਖਣੀ ਹਵਾਵਾਂ, ਦੱਖਣੀ ਮਹਾਸਾਗਰ ਤੋਂ ਲੰਘੀਆਂ। ਇਨ੍ਹਾਂ ਹਾਲਾਤਾਂ ਕਾਰਨ ਕਈ ਪਹਾੜੀ ਇਲਾਕਿਆਂ ''ਚ ਬਰਫ਼ਬਾਰੀ ਹੋਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਬੁੱਧਵਾਰ ਤੋਂ ਬਾਅਦ ਸੂਬੇ ''ਚ ਤਾਪਮਾਨ ਫਿਰ ਤੋਂ ਵਧਣਾ ਸ਼ੁਰੂ ਹੋ ਜਾਵੇਗਾ, ਜਿਸ ਕਾਰਨ ਲੋਕਾਂ ਨੂੰ ਗਰਮੀ ਇੱਕ ਵਾਰ ਫਿਰ ਤੋਂ ਤੰਗ ਕਰੇਗੀ।