ਬ੍ਰਿਟੇਨ ''ਚ ਬਰਫੀਲੇ ਤੂਫਾਨ ਦਾ ਐਲਰਟ ਜਾਰੀ, 8 ਇੰਚ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ

01/12/2017 10:30:44 AM

ਲੰਡਨ— ਬ੍ਰਿਟੇਨ ਵਿਚ ਇਸ ਹਫਤੇ ਬਰਫੀਲਾ ਤੂਫਾਨ ਆਉਣ ਦੀ ਸੰਭਾਵਨਾ ਹੈ ਅਤੇ ਇਸ ਦੌਰਾਨ ਤਾਪਮਾਨ ਮਨਫੀ 10 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਵੇਗਾ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੌਰਾਨ 8 ਇੰਚ ਤੱਕ ਬਰਫਬਾਰੀ ਹੋਵੇਗੀ। ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਬੁੱਧਵਾਰ ਤੋਂ ਸ਼ੁੱਕਰਵਾਰ ਸ਼ਾਮ ਤੱਕ ਸਕਾਟਲੈਂਡ, ਵੇਲਸ ਅਤੇ ਪੂਰਬੀ ਇੰਗਲੈਂਡ ਵਿਚ ਬਰਫਬਾਰੀ ਹੋਵੇਗੀ। ਇਹ ਸਥਿਤੀ ਉੱਤਰੀ ਕੈਨੇਡਾ ਦੇ ਉੱਪਰ ਆਰਕਟਿਕ ਸਮੁੰਦਰੀ ਹਵਾ ਪੈਦਾ ਹੋਣ ਦੇ ਕਾਰਨ ਬਣੇਗੀ। 
ਬ੍ਰਿਟੇਨ ਵਿਚ ਇਸ ਹਫਤੇ ਦੇ ਅੰਤ ਤੱਕ ਬਰਫਬਾਰੀ, ਤੇਜ਼ ਹਵਾਵਾਂ ਅਤੇ ਰਾਤ ਭਰ ਠੰਡ ਪੈਣ ਦੀ ਸਥਿਤੀ ਬਣੀ ਰਹੇਗੀ। ਮੌਸਮ ਵਿਭਾਗ ਅਨੁਸਾਰ ਇਸ ਸਮੇਂ ਦੌਰਾਨ 55 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ, ਜੋ ਠੰਡ ਨੂੰ ਹੋਰ ਵਧਾਉਣਗੀਆਂ। ਪਿਛਲੇ ਕੁਝ ਦਿਨਾਂ ਵਿਚ ਠੰਡ ਦੇ ਕਾਰਨ ਦਰਜਨਾਂ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ ਅਤੇ ਹਾਲਾਤ ਹੋਰ ਖਰਾਬ ਹੋ ਰਹੇ ਹਨ। ਖਰਾਬ ਮੌਸਮ ਦੇ ਕਾਰਨ ਕੁਝ ਇਲਾਕਿਆਂ ਦਾ ਦੇਸ਼ ਦੇ ਬਾਕੀ ਖੇਤਰਾਂ ਨਾਲ ਸੰਪਰਕ ਟੁੱਟ ਗਿਆ ਹੈ। ਕਈ ਇਲਾਕਿਆਂ ਵਿਚ ਬਿਜਲੀ ਅਤੇ ਪਾਣੀ ਦੀ ਸਪਲਾਈ ਵੀ ਠੱਪ ਹੋ ਗਈ ਹੈ। ਨਦੀਆਂ ਅਤੇ ਝੀਲਾਂ ਜੰਮ ਗਈਆਂ ਹਨ। ਖਰਾਬ ਮੌਸਮ ਦੇ ਮੱਦੇਨਜ਼ਰ ਕਈ ਉਡਾਣਾਂ ਨੂੰ ਰੱਦ ਕਰਨਾ ਪਿਆ ਅਤੇ ਇਸ ਦੌਰਾਨ ਕਈ ਹਾਦਸੇ ਵਾਪਰੇ ਹਨ।

Kulvinder Mahi

This news is News Editor Kulvinder Mahi