ਅਮਰੀਕਾ 'ਚ ਬਰਫ਼ੀਲਾ ਤੂਫਾਨ : 1700 ਤੋਂ ਵਧੇਰੇ ਉਡਾਣਾਂ ਰੱਦ, ਕਰੀਬ 2 ਲੱਖ ਘਰਾਂ ਦੀ ਬਿਜਲੀ ਸਪਲਾਈ ਠੱਪ (ਤਸਵੀਰਾਂ)

02/23/2023 2:07:31 PM

ਵਾਸ਼ਿੰਗਟਨ (ਏਜੰਸੀ) : ਅਮਰੀਕਾ ਦੇ ਕਈ ਇਲਾਕੇ ਇਨ੍ਹੀਂ ਦਿਨੀਂ ਭਾਰੀ ਬਰਫ਼ੀਲੇ ਤੂਫਾਨ ਦਾ ਸਾਹਮਣਾ ਕਰ ਰਹੇ ਹਨ। ਇਸ ਕਾਰਨ ਉਡਾਣਾਂ ਰੱਦ ਹੋਣ ਤੋਂ ਇਲਾਵਾ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਤੂਫਾਨ ਕਾਰਨ ਬੁੱਧਵਾਰ ਨੂੰ ਐਰੀਜ਼ੋਨਾ ਤੋਂ ਵਯੋਮਿੰਗ ਤੱਕ ਅੰਤਰਰਾਜੀ ਹਾਈਵੇਅ ਬੰਦ ਕਰ ਦਿੱਤੇ ਗਏ। ਇਸ ਕਾਰਨ ਡਰਾਈਵਰ ਕਾਰਾਂ ਵਿੱਚ ਫਸ ਗਏ ਅਤੇ ਹਜ਼ਾਰਾਂ ਲੋਕਾਂ ਨੂੰ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਦਹਾਕਿਆਂ ਵਿੱਚ ਦੱਖਣੀ ਕੈਲੀਫੋਰਨੀਆ ਵਿੱਚ ਆਉਣ ਵਾਲਾ ਸਭ ਤੋਂ ਭਿਆਨਕ ਤੂਫਾਨ ਹੈ। ਇਨ੍ਹਾਂ ਨਾਜ਼ੁਕ ਹਾਲਾਤ ਤੋਂ ਅਗਲੇ ਕੁਝ ਦਿਨਾਂ ਤੱਕ ਰਾਹਤ ਮਿਲਣ ਦੀ ਸੰਭਾਵਨਾ ਨਹੀਂ ਹੈ।

1700 ਤੋਂ ਵੱਧ ਉਡਾਣਾਂ ਰੱਦ

ਠੰਡੇ ਮੌਸਮ ਦੀ ਸ਼ੁਰੂਆਤ ਦੇ ਨਾਲ ਤੂਫਾਨ ਨੇ ਉੱਤਰੀ ਅਮਰੀਕਾ ਵਿੱਚ ਗੰਭੀਰ ਪ੍ਰਭਾਵ ਪਾਇਆ। ਸਕੂਲਾਂ, ਦਫਤਰਾਂ ਦੇ ਨਾਲ-ਨਾਲ ਮਿਨੀਸੋਟਾ ਵਿਧਾਨ ਸਭਾ ਨੂੰ ਵੀ ਬੰਦ ਕਰ ਦਿੱਤਾ ਗਿਆ। ਖ਼ਰਾਬ ਮੌਸਮ ਕਾਰਨ ਅਮਰੀਕਾ ਵਿੱਚ 1700 ਤੋਂ ਵੱਧ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਦੇਸ਼ ਭਰ 'ਚ 5000 ਤੋਂ ਵੱਧ ਉਡਾਣਾਂ 'ਚ ਦੇਰੀ ਹੋਈ ਹੈ। ਡੇਨਵਰ ਇੰਟਰਨੈਸ਼ਨਲ ਏਅਰਪੋਰਟ 'ਤੇ ਲੋਕਾਂ ਨੂੰ ਘਰ ਜਾਣ ਲਈ ਦੋ ਘੰਟੇ ਤੋਂ ਵੱਧ ਦੇਰੀ ਹੋਈ।

ਸੜਕਾਂ ਦੀ ਮਾੜੀ ਹਾਲਤ

ਵਾਇਮਿੰਗ ਹਾਈਵੇਅ ਬਚਾਅ ਕਰੂ ਦੇ ਮੈਂਬਰ ਜੇਰੇਮੀ ਬੀਕ ਨੇ ਕਿਹਾ ਕਿ ਬਚਾਅ ਕਰਮਚਾਰੀਆਂ ਨੇ ਵਾਹਨਾਂ ਵਿੱਚ ਫਸੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ, ਪਰ ਤੇਜ਼ ਹਵਾਵਾਂ ਨੇ ਇਸ ਨੂੰ ਲਗਭਗ ਅਸੰਭਵ ਬਣਾ ਦਿੱਤਾ। ਵਯੋਮਿੰਗ ਦੇ ਟਰਾਂਸਪੋਰਟ ਵਿਭਾਗ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਸੂਬੇ ਦੇ ਉੱਤਰੀ ਹਿੱਸੇ ਦੀਆਂ ਜ਼ਿਆਦਾਤਰ ਸੜਕਾਂ ਲੰਘਣ ਯੋਗ ਨਹੀਂ ਹਨ। 

ਬਿਜਲੀ ਸਪਲਾਈ ਪ੍ਰਭਾਵਿਤ

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਨਫ਼ਰਤੀ ਅਪਰਾਧਾਂ ਦਾ ਸਭ ਤੋਂ ਵੱਧ ਸ਼ਿਕਾਰ ਸਿੱਖ ਅਤੇ ਯਹੂਦੀ ਭਾਈਚਾਰਾ

ਤੇਜ਼ ਹਵਾਵਾਂ ਨੇ ਕੈਲੀਫੋਰਨੀਆ ਵਿੱਚ ਦਰੱਖਤ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਢਾਹ ਦਿੱਤਾ।  2 ਲੱਖ ਦੇ ਕਰੀਬ ਖਪਤਕਾਰਾਂ ਨੂੰ ਬਿਜਲੀ ਸਪਲਾਈ ਵਿੱਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੈਸ਼ਨਲ ਵੈਦਰ ਸਰਵਿਸ ਮੁਤਾਬਕ ਹਾਲਾਤ ਇੰਨੇ ਖਰਾਬ ਹਨ ਕਿ 1989 ਤੋਂ ਬਾਅਦ ਪਹਿਲੀ ਵਾਰ ਲਾਸ ਏਂਜਲਸ, ਵੈਨਟੂਰਾ ਅਤੇ ਸੈਂਟਾ ਬਾਰਬਰਾ ਲਈ ਬਰਫੀਲੇ ਤੂਫਾਨ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਬਰਫੀਲਾ ਤੂਫਾਨ ਇਸ ਹਫ਼ਤੇ ਤੋਂ ਬਾਅਦ ਪੂਰਬੀ ਤੱਟ ਵੱਲ ਵਧੇਗਾ। ਬਰਫ਼ ਜਮ੍ਹਾਂ ਹੋਣ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਮੌਸਮ ਵਿਗਿਆਨੀਆਂ ਨੇ ਉੱਤਰੀ ਮਿਸ਼ੀਗਨ ਵਿੱਚ 1.3 ਸੈਂਟੀਮੀਟਰ ਤੱਕ ਬਰਫ਼ ਪੈਣ ਦੀ ਚੇਤਾਵਨੀ ਦਿੱਤੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana