ਭਾਰੀ ਮੀਂਹ ਤੇ ਬਰਫਬਾਰੀ ਨੇ ਠਾਰੇ ਬ੍ਰਿਤਾਨਵੀ, ਮੌਸਮ ਵਿਭਾਗ ਨੇ ਜਾਰੀ ਕੀਤੀ ਚਿਤਾਵਨੀ

03/03/2020 4:18:04 PM

ਲੰਡਨ- ਦੁਨੀਆ ਵਿਚ ਇਕ ਪਾਸੇ ਗਰਮੀ ਨੇ ਆਪਣੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਉਥੇ ਹੀ ਯੂਰਪੀ ਦੇਸ਼ਾਂ ਵਿਚ ਠੰਡ ਦਾ ਕਹਿਰ ਅਜੇ ਵੀ ਜਾਰੀ ਹੈ। ਬ੍ਰਿਟੇਨ ਦੇ ਕਈ ਇਲਾਕਿਆਂ ਵਿਚ ਬੀਤੇ ਦਿਨ ਤੋਂ ਜਾਰੀ ਭਾਰੀ ਮੀਂਹ ਤੇ ਬਰਫਬਾਰੀ ਲੋਕਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ ਤੇ ਇਹ ਬਰਫਬਾਰੀ ਪੂਰਾ ਹਫਤਾ ਜਾਰੀ ਰਹਿ ਸਕਦੀ ਹੈ। ਇਸ ਦੌਰਾਨ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਤੇ ਤਾਪਮਾਨ ਰਿਕਾਰਡ ਪੱਧਰ ਤੱਕ ਡਿੱਗ ਸਕਦਾ ਹੈ।

'ਦ ਸਨ' ਮੁਤਾਬਰ ਭਾਰੀ ਮੀਂਹ ਤੇ ਬਰਫਬਾਰੀ ਨੇ ਯੂਕੇ ਦੇ ਅੱਧੇ ਦੱਖਣੀ ਹਿੱਸੇ, ਉੱਤਰੀ ਹਿੱਸੇ, ਸਕਾਟਲੈਂਡ ਅਤੇ ਵੈਲਸ਼ ਹਿਲਸ ਨੂੰ ਪੂਰੀ ਤਰ੍ਹਾਂ ਆਪਣੀ ਲਪੇਟ ਵਿਚ ਲੈ ਲਿਆ ਹੈ। ਬ੍ਰਿਟੇਨ ਦੇ ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਬ੍ਰਿਟੇਨ ਵਾਸੀ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਗੇ ਤੇ ਤਾਪਮਾਨ ਸਿਫਰ ਤੋਂ ਹੇਠਾਂ ਜਾਣ ਦੇ ਪੂਰੇ ਆਸਾਰ ਦਿਖਾਈ ਦੇ ਰਹੇ ਹਨ। ਇਸ ਭਵਿੱਖਬਾਣੀ ਦੇ ਨਾਲ ਹੀ ਅਧਿਕਾਰੀਆਂ ਨੇ ਕਿਹਾ ਕਿ ਮਾਰਚ ਮਹੀਨਾ ਯੂਕੇ ਵਾਸੀਆਂ ਲਈ ਬੇਹੱਦ ਠੰਡਾ ਸਾਬਿਤ ਹੋਣ ਵਾਲਾ ਹੈ।

ਮੌਸਮ ਵਿਭਾਗ ਨੇ ਇਸ ਦੌਰਾਨ ਕਿਹਾ ਕਿ ਹਾਲਾਤ ਅਜਿਹੇ ਹਨ ਕਿ ਗ੍ਰੀਨਲੈਂਡ ਵਿਚ ਮੌਸਮ ਇਸ ਵੇਲੇ ਮਨਫੀ 17 ਡਿਗਰੀ 'ਤੇ ਪਹੁੰਚ ਗਿਆ ਹੈ। ਯੂਕੇ ਵਿਚ ਵੀ ਮੰਗਲਵਾਰ ਦਿਨ ਦਾ ਤਾਪਮਾਨ 6 ਡਿਗਰੀ ਦਰਜ ਕੀਤਾ ਗਿਆ ਹੈ। ਇਸ ਹਫਤੇ ਵਿਚ ਸਕਾਟਲੈਂਡ ਤੇ ਪਹਾੜੀ ਇਲਾਕਿਆਂ ਵਿਚ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਰਾਤ ਵੇਲੇ ਸਕਾਟਲੈਂਡ ਦੇ ਨੇੜੇ ਦੇ ਇਲਾਕਿਆਂ ਦਾ ਤਾਪਮਾਨ ਰਿਕਾਰਡ ਪੱਧਰ ਦੇ ਨੇੜੇ ਰਹਿਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਕਿਹਾ ਕਿ ਸਕਾਟਲੈਂਡ ਦਾ ਤਾਪਮਾਨ ਮਨਫੀ 9 ਡਿਗਰੀ ਤੱਕ ਪਹੁੰਚ ਸਕਦਾ ਹੈ।

ਇਸ ਦੌਰਾਨ ਵਿਭਾਗ ਨੇ ਐਡਵਾਇਰਜ਼ਰੀ ਜਾਰੀ ਕਰਦਿਆਂ ਕਿਹਾ ਕਿ ਆਮ ਲੋਕ ਇਸ ਖਰਾਬ ਮੌਸਮ ਵਿਚ ਘਰੋਂ ਬਾਹਰ ਨਿਕਲਣ ਤੇ ਦੂਰ ਦੀ ਯਾਤਰਾ ਤੋਂ ਪਰਹੇਜ਼ ਕਰਨ। ਖੁਦ ਨੂੰ ਗਰਮ ਰੱਖਣ ਲਈ ਗਰਮ ਕੱਪੜਿਆਂ ਦੀ ਵਰਤੋਂ ਕੀਤੀ ਜਾਵੇ ਤੇ ਜੇਕਰ ਤੁਸੀਂ ਖਰਾਬ ਮੌਸਮ ਵਿਚ ਘਿਰੇ ਹੋਏ ਹੋ ਤਾਂ ਕਿਸੇ ਸੁਰੱਖਿਅਤ ਥਾਂ 'ਤੇ ਪਨਾਹ ਲਓ।