ਕੋਲੰਬੀਆ ਦੇ ਡਰੱਗ ਤਸਕਰਾਂ 'ਚ ਦਹਿਸ਼ਤ, 'ਸੋਂਬਰਾ ਜ਼ਿੰਦਾ ਜਾਂ ਮੁਰਦਾ' ਬਸ ਲੱਭ ਲਿਆਓ

07/29/2018 5:20:15 PM

ਬੋਗੋਤਾ (ਏਜੰਸੀ)— ਕੋਲੰਬੀਆ ਵਿਚ ਹਰ ਸਾਲ ਕਰੋੜਾਂ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੁੰਦੀ ਹੈ। ਇੰਨੀ ਵੱਡੀ ਮਾਤਰਾ ਵਿਚ ਡਰੱਗ ਤਸਕਰੀ ਕਰਨ ਵਾਲੇ ਤਸਕਰਾਂ ਨੂੰ ਹੁਣ ਡਰ ਹੈ ਤਾਂ ਸਿਰਫ ਇਕ ਕੁੱਤੇ ਤੋਂ। ਜੀ ਹਾਂ, ਕੋਲੰਬੀਆ ਦੇ ਪੁਲਸ ਵਿਭਾਗ ਵਿਚ ਪਿਛਲੇ 2 ਸਾਲਾਂ ਤੋਂ ਕੰਮ ਕਰ ਰਿਹਾ ਜਰਮਨ ਸ਼ੈਫਰਡ ਸੋਂਬਰਾ ਨਾਂ ਦਾ ਕੁੱਤਾ ਤਸਕਰੀ ਕਰਨ ਵਾਲਿਆਂ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਤਸਕਰਾਂ ਨੇ ਮਿਲ ਕੇ ਇਸ ਕੁੱਤੇ 'ਤੇ 50 ਲੱਖ ਦਾ ਇਨਾਮ ਰੱਖ ਦਿੱਤਾ ਹੈ। ਤਸਕਰਾਂ ਨੇ ਆਪਣੀ ਬਿਰਾਦਰੀ ਵਿਚ ਸੰਦੇਸ਼ ਭੇਜਿਆ ਹੈ ਕਿ— ''ਸੋਂਬਰਾ ਨੂੰ ਜ਼ਿੰਦਾ ਜਾਂ ਮੁਰਦਾ ਲਿਆਉਣ ਵਾਲੇ ਨੂੰ 50 ਲੱਖ ਰੁਪਏ ਇਨਾਮ ਦਿੱਤਾ ਜਾਵੇਗਾ।''

ਤਸਕਰ ਡਰਨ ਵੀ ਕਿਉਂ ਨਾ, ਸੋਂਬਰਾ ਹੁਣ ਤਕ 68 ਹਜ਼ਾਰ ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਫੜਵਾ ਚੁੱਕਾ ਹੈ। ਇਹ ਕੁੱਤਾ ਡਰੱਗ ਕਾਰੋਬਾਰ ਨਾਲ ਜੁੜੇ 245 ਅਪਰਾਧੀਆਂ ਦੀ ਗ੍ਰਿਫਤਾਰੀ ਵੀ ਕਰਵਾ ਚੁੱਕਾ ਹੈ। ਬਸ ਇੰਨਾ ਹੀ ਨਹੀਂ ਦੇਸ਼ ਦੇ 2 ਵੱਡੇ ਹਵਾਈ ਅੱਡਿਆਂ ਦੀ ਤਲਾਸ਼ੀ ਦਾ ਜ਼ਿੰਮਾ ਸੋਂਬਰਾ ਹੀ ਸੰਭਾਲਦਾ ਹੈ। ਇਸ ਵਜ੍ਹਾ ਨਾਲ ਕੋਲੰਬੀਆ ਦੇ ਡਰੱਗ ਕਾਰੋਬਾਰੀਆਂ ਵਿਚਾਲੇ ਸੋਂਬਰਾ ਨੂੰ ਲੈ ਕੇ ਕਾਫੀ ਦਹਿਸ਼ਤ ਹੋ ਗਈ ਅਤੇ ਥੱਕ ਹਾਰ ਕੇ ਉਨ੍ਹਾਂ ਨੂੰ ਉਸ ਦੇ ਨਾਂ 'ਤੇ ਇਨਾਮ ਦਾ ਐਲਾਨ ਕਰਨਾ ਪਿਆ।

ਕੋਲੰਬੀਆ ਦੀਆਂ ਅਖਬਾਰਾਂ 'ਚ ਇਹ ਹੈੱਡਲਾਈਨ ਸੁਰਖੀਆਂ ਵਿਚ ਹੈ— ''ਡਰੱਗ ਤਸਕਰਾਂ ਦਾ ਆਤੰਕ ਬਣਿਆ ਸੋਂਬਰਾ ਖਤਰੇ 'ਚ।'' ਸੋਂਬਰਾ ਦੀ ਖਾਸੀਅਤ ਇਹ ਹੈ ਕਿ ਇਹ ਬਾਕੀ ਸਨਿਫਰ ਕੁੱਤਿਆਂ ਤੋਂ ਕਈ ਗੁਣਾ ਤੇਜ਼ ਹੈ। ਡਰੱਗ ਨੂੰ ਲੈ ਕੇ ਤਾਂ ਉਹ ਬਹੁਤ ਹੀ ਸੰਵੇਦਨਸ਼ੀਲ ਹੈ। ਸੋਂਬਰਾ ਜਿਸ ਹਵਾਈ ਅੱਡੇ 'ਤੇ ਕੰਮ ਕਰਦਾ ਹੈ, ਉੱਥੇ ਵੀ ਉਸ ਨੂੰ ਕਿਸੇ ਪੁਲਸ ਕਰਮਚਾਰੀ ਵਾਂਗ ਹੀ ਟ੍ਰੀਟਮੈਂਟ ਮਿਲਦਾ ਹੈ। ਹਵਾਈ ਅੱਡੇ 'ਤੇ ਪੁਲਸ ਕਰਮਚਾਰੀ ਪਹਿਲਾਂ ਯਾਤਰੀਆਂ ਨੂੰ ਸੋਂਬਰਾਂ ਨਾਲ ਸੈਲਫੀ ਲੈਣ ਦੀ ਇਜਾਜ਼ਤ ਦੇ ਦਿੰਦੇ ਸਨ ਪਰ ਹੁਣ ਧਮਕੀ ਮਿਲਣ ਤੋਂ ਬਾਅਦ ਕਿਸੇ ਨੂੰ ਸੋਂਬਰਾ ਦੇ ਨੇੜੇ ਨਹੀਂ ਆਉਣ ਦਿੱਤਾ ਜਾਂਦਾ। ਸੋਬਰਾਂ ਦੇ ਨਾਲ ਰਹਿੰਦੇ ਪੁਲਸ ਕਰਮਚਾਰੀ ਦੱਸਦੇ ਹਨ ਕਿ ਸਾਡੇ ਕੁਝ ਸਨਿਫਰ ਕੁੱਤਿਆਂ ਨੂੰ ਕੁਝ ਖਿਲਾ ਕੇ ਜਾਂ ਵੱਖਰੇ-ਵੱਖਰੇ ਢੰਗਾਂ ਨਾਲ ਮਾਰ ਦਿੱਤਾ ਗਿਆ ਹੈ ਪਰ ਅਸੀਂ ਸੋਂਬਰਾ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹਾਂ। ਸੋਂਬਰਾ ਨੂੰ ਪੁਲਸ ਵਲੋਂ ਪੂਰੀ ਸੁਰੱਖਿਆ ਦਿੱਤੀ ਗਈ ਹੈ ਅਤੇ ਉਹ ਬੁਲੇਟ ਪਰੂਫ ਕਾਰ ਵਿਚ ਪੁਲਸ ਦਫਤਰ ਤੋਂ ਹਵਾਈ ਅੱਡੇ ਤਕ ਜਾਂਦਾ ਹੈ। 2 ਗਨਮੈਨ ਹਮੇਸ਼ਾ ਉਸ ਦੀ ਸੁਰੱਖਿਆ ਵਿਚ ਲੱਗੇ ਰਹਿੰਦੇ ਹਨ।