ਭਾਰਤੀ ਮੂਲ ਦੇ ਵਿਅਕਤੀ 'ਤੇ ਆਪਣੀ ਪਤਨੀ ਅਤੇ ਬੱਚੇ ਦੀ ਤਸਕਰੀ ਦੇ ਲੱਗੇ ਦੋਸ਼, ਹੋ ਸਕਦੀ ਹੈ ਜੇਲ

12/05/2017 11:43:50 AM

ਸਿਡਨੀ (ਬਿਊਰੋ)— ਸਿਡਨੀ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ 'ਤੇ ਆਪਣੀ ਪਤਨੀ ਅਤੇ ਦੋ ਮਹੀਨੇ ਦੇ ਬੱਚੇ ਨੂੰ ਤਸਕਰੀ ਤਹਿਤ ਸਿਡਨੀ ਤੋਂ ਭਾਰਤ ਭੇਜਣ ਦੇ ਦੋਸ਼ ਲੱਗੇ ਹਨ। ਆਸਟ੍ਰੇਲੀਅਨ ਫੈਡਰਲ ਪੁਲਸ ਨੇ 27 ਸਾਲਾ ਪ੍ਰਦੀਪ ਲੋਹਾਨ 'ਤੇ ਇਹ ਦੋਸ਼ ਲਗਾਇਆ ਹੈ। ਪ੍ਰਦੀਪ ਸਿਡਨੀ ਦੇ ਪੱਛਮ ਵਿਚ ਰਹਿਣ ਵਾਲਾ ਹੈ। ਪ੍ਰਦੀਪ ਨੂੰ ਅੱਜ ਮਤਲਬ ਮੰਗਲਵਾਰ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। 
ਏ. ਐੱਫ. ਪੀ. ਮਨੁੱਖੀ ਤਸਕਰੀ ਦੀ ਟੀਮ ਦੀ ਰਿਪੋਰਟ ਮੁਤਾਬਕ ਮਾਰਚ ਵਿਚ ਪ੍ਰਦੀਪ ਨੇ ਆਪਣੀ ਭਾਰਤੀ ਮੂਲ ਦੀ ਪਤਨੀ ਅਤੇ ਆਸਟ੍ਰੇਲੀਆ ਵਿਚ ਪੈਦਾ ਹੋਏ ਬੱਚੇ ਨੂੰ ਭਾਰਤ ਜਾਣ ਲਈ ਮਜ਼ਬੂਰ ਕਰਨ ਲਈ ਦਬਾਅ ਪਾਇਆ ਅਤੇ ਧਮਕੀਆਂ ਦਿੱਤੀਆਂ। ਪ੍ਰਦੀਪ 'ਤੇ ਇਹ ਦੋਸ਼ ਲੱਗਾ ਕਿ ਉਹ ਆਪਣੀ ਪਤਨੀ ਦੀ ਵੀਜ਼ਾ ਅਰਜ਼ੀ ਵਾਪਸ ਲੈਣਾ ਚਾਹੁੰਦਾ ਸੀ ਤਾਂ ਜੋ ਉਸ ਨੂੰ ਵਾਪਸ ਆਸਟ੍ਰੇਲੀਆ ਆਉਣ ਤੋਂ ਰੋਕਿਆ ਜਾ ਸਕੇ।  ਪ੍ਰਦੀਪ ਦੀ ਇਹ ਕੋਸ਼ਿਸ਼ ਕਾਮਯਾਬ ਨਾ ਹੋ ਸਕੀ ਕਿਉਂਕਿ ਉਸ ਦੀ ਪਤਨੀ ਮਈ ਵਿਚ ਦੁਬਾਰਾ ਆਸਟ੍ਰੇਲੀਆ ਆਉਣ ਵਿਚ ਸਫਲ ਹੋ ਗਈ ਸੀ। ਪਤਨੀ ਨੇ ਏ. ਐੱਫ. ਪੀ. ਅਧਿਕਾਰੀਆਂ ਨੂੰ ਜਾਂਚ ਕਰਨ ਲਈ ਕਿਹਾ ਅਤੇ ਇਸ ਮਗਰੋਂ ਨਵੰਬਰ ਵਿਚ ਲੋਹਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੇ ਇਹ ਦੋਸ਼ ਵੀ ਲਗਾਗਇਆ ਕਿ ਉਸ ਨੇ ਆਪਣੀ ਪਤਨੀ ਦੀ ਵੀਜ਼ਾ ਅਰਜ਼ੀ ਨਾਲ ਸੰਬੰਧਿਤ ਜਾਣਕਾਰੀ ਇਮੀਗਰੇਸ਼ਨ ਵਿਭਾਗ ਨੂੰ ਗਲਤ ਅਤੇ ਗੁੰਮਰਾਹ ਕਰਨ ਵਾਲੀ ਮੁੱਹਈਆ ਕਰਵਾਈ ਸੀ। ਪ੍ਰਦੀਪ 'ਤੇ ਤਸਕਰੀ ਦੇ ਦੋਸ਼ ਤਹਿਤ ਕਿਸੇ ਵਿਅਕਤੀ ਨੂੰ ਆਸਟ੍ਰੇਲੀਆ ਤੋਂ ਬਾਹਰ ਕੱਢਣ ਦੇ ਦੋਸ਼ ਲਗਾਏ ਗਏ ਹਨ, ਜਿਸ ਕਾਰਨ ਉਸ ਨੂੰ 12 ਸਾਲ ਤੋਂ ਜ਼ਿਆਦਾ ਦੀ ਸਜ਼ਾ ਹੋ ਸਕਦੀ ਹੈ।