ਸੈਮਸੰਗ ਐੱਸ. 5 ਦੇ ਫੋਨ ਕਾਰਨ ਬਣੀ ਵਿਅਕਤੀ ਦੀ ਜਾਨ ''ਤੇ, ਤਸਵੀਰਾਂ ਦੇਖ ਕੇ ਉੱਡ ਜਾਵੇਗਾ ਤੁਹਾਡਾ ਵੀ ਰੰਗ

01/19/2017 11:22:00 AM

ਟੋਰਾਂਟੋ— ਜੇਕਰ ਤੁਸੀਂ ਵੀ ਸਿਰਹਾਣੇ ਮੋਬਾਈਲ ਫੋਨ ਰੱਖ ਕੇ ਸੌਂਦੇ ਹੋ ਤਾਂ ਇਹ ਖ਼ਬਰ ਪੜ੍ਹ ਕੇ ਤੁਹਾਡੇ ਵੀ ਹੋਸ਼ ਟਿਕਾਣੇ ਆ ਜਾਣਗੇ। ਟੋਰਾਂਟੋ ਦਾ ਇਕ ਵਿਅਕਤੀ ਰਾਤ ਨੂੰ ਸਿਰਹਾਣੇ ਸੈਮਸੰਗ ਐੱਸ. 5 ਮੋਬਾਈਲ ਫੋਨ ਲੈ ਕੇ ਸੁੱਤਾ ਸੀ ਅਤੇ ਉਸ ਦੀ ਜਾਗ ਉਸ ਸਮੇਂ ਖੁੱਲ੍ਹੀ ਜਦੋਂ ਉਸ ਨਾਲ ਵੱਡੀ ਵਾਰਦਾਤ ਹੋਣ ਵਾਲੀ ਸੀ। ਅਸਲ ਵਿਚ ਉਸ ਦੀ ਜਾਗ ਫੋਨ ''ਚੋਂ ਆ ਰਹੀ ਗਰਮੀ ਕਾਰਨ ਖੁੱਲ੍ਹੀ ਅਤੇ ਜਦੋਂ ਉਸ ਨੇ ਉੱਠ ਕੇ ਦੱਖਿਆ ਤਾਂ ਫੋਨ ''ਚੋਂ 2 ਫੁੱਟ ਉੱਚੀਆਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ। ਇਹ ਦੇਖ ਕੇ ਮਾਰੀਓ ਜੈਕਬ ਨਾਮੀ ਇਸ ਵਿਅਕਤੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਇਹ ਫੋਨ ਉਸ ਦੇ ਮੂੰਹ ਦੇ ਬਿਲਕੁਲ ਨੇੜੇ ਸੀ। ਜੇਕਰ ਉਸ ਸਮੇਂ ਤਾਂ ਨਾ ਉੱਠਦਾ ਤਾਂ ਉਸ ਦੇ ਬੈੱਡ ਨੂੰ ਅੱਗ ਵੀ ਲੱਗ ਸਕਦੀ ਸੀ ਅਤੇ ਇਹ ਅੱਗ ਭਿਆਨਕ ਰੂਪ ਧਾਰ ਸਕਦਾ ਸੀ।  
ਜੈਕਬ ਨੇ ਕਿਹਾ ਕਿ ਫੋਨ ਤੋਂ ਅੱਗ ਨਿਕਲਦੀ ਦੇਖ ਕੇ ਉਹ ਤੁਰੰਤ ਉੱਠਿਆ ਅਤੇ ਆਪਣੀ ਗਰਲਫਰੈਂਡ ਨੂੰ ਵੀ ਉਠਾਇਆ ਤਾਂ ਜੋ ਉਸ ਨੂੰ ਕੋਈ ਨੁਕਸਾਨ ਨਾ ਪਹੁੰਚੇ। ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸੈਮਸੰਗ ਦੇ ਬੁਲਾਰੇ ਨੇ ਕਿਹਾ ਕਿ ਗਾਹਕਾਂ ਦੀ ਸੁਰੱਖਿਆ ਉਨ੍ਹਾਂ ਦੀ ਤਰਜੀਹ ਹੈ ਅਤੇ ਉਹ ਇਸ ਮੁੱਦੇ ''ਤੇ ਜੈਕਬ ਨਾਲ ਰਾਬਤਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਫੋਨ ਦੀ ਜਾਂਚ ਕੀਤੇ ਤੋਂ ਬਿਨਾਂ ਇਸ ਘਟਨਾ ਬਾਰੇ ਉਹ ਕੁਝ ਵੀ ਨਹੀਂ ਕਹਿ ਸਕਦੇ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੈਮਸੰਗ ਕੰਪਨੀ ਦੇ ਮੋਬਾਈਲ ਫੋਨ ਗੈਲਕਸੀ ਨੋਟ 7 ਵਿਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ਤੋਂ ਬਾਅਦ ਕੰਪਨੀ ਨੇ ਇਸ ਫੋਨ ਦਾ ਨਿਰਮਾਣ ਬੰਦ ਕਰ ਦਿੱਤਾ ਸੀ। ਹਾਲਾਂਕਿ ਸੈਮਸੰਗ ਐੱਸ. 5 ਮੋਬਾਈਲ ਫੋਨ ਵਿਚ ਅੱਗ ਲੱਗਣ ਦੀ ਇਹ ਪਹਿਲੀ ਘਟਨਾ ਮੰਨੀ ਜਾ ਰਹੀ ਹੈ। ਜੈਕਬ ਨੇ ਕਿਹਾ ਕਿ ਫਿਲਹਾਲ ਉਹ ਇਸ ਬਾਰੇ ਸੋਚਣਾ ਵੀ ਨਹੀਂ ਚਾਹੁੰਦਾ ਕਿ ਇਸ ਘਟਨਾ ਕਰਕੇ ਉਸ ਅਤੇ ਉਸ ਦੀ ਗਰਲਫਰੈਂਡ ਨਾਲ ਕੀ ਹੋ ਸਕਦਾ ਸੀ। ਉਸ ਨੇ ਕਿਹਾ ਕਿ ਉਹ ਰੱਬ ਦੇ ਸ਼ੁੱਕਰਗੁਜ਼ਾਰ ਹਨ ਕਿ ਕੋਈ ਅਨਹੋਣੀ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਗਿਆ।

Kulvinder Mahi

This news is News Editor Kulvinder Mahi