1 ਜੁਲਾਈ ਤੋਂ ਹੋਣਗੇ ਆਸਟਰੇਲੀਆ ਦੇ ਸਕਿਲਡ ਵੀਜ਼ਿਆਂ ''ਚ ਵੱਡੇ ਬਦਲਾਅ

06/16/2018 3:53:00 AM

ਸਿਡਨੀ— ਆਸਟਰੇਲੀਆਈ ਸਰਕਾਰ 1 ਜੁਲਾਈ ਤੋਂ ਮਾਈਗ੍ਰੇਸ਼ਨ ਦੇ ਨਿਯਮਾਂ 'ਚ ਵੱਡੀ ਫੇਰਬਦਲ ਕਰਨ ਜਾ ਰਹੀ ਹੈ। ਮਾਹਰਾਂ ਮੁਤਾਬਕ ਹੁਣ ਆਸਟਰੇਲੀਆ ਦੀ ਪੀ.ਆਰ. ਹਾਸਲ ਕਰਨੀ ਕਾਫੀ ਮੁਸ਼ਕਿਲ ਹੋ ਜਾਵੇਗੀ। 1 ਜੁਲਾਈ ਤੋਂ ਲਾਗੂ ਹੋਣ ਵਾਲੇ ਕਾਨੂੰਨ ਮੁਤਾਬਕ ਬਿਨੈਕਾਰ ਦੀ ਪੁਆਇੰਟ ਹਾਸਲ ਕਰਨ ਦੀ ਉਮਰ ਹੱਦ 50 ਸਾਲ ਤੋਂ ਘਟਾ ਕੇ 45 ਸਾਲ ਕਰ ਦਿੱਤੀ ਹੈ। ਇਕ ਹੋਰ ਫੇਰਬਦਲ ਮੁਤਾਬਕ ਇਮੀਗ੍ਰੇਸ਼ਨ 'ਚ ਅੰਗ੍ਰੇਜੀ ਦੇ ਗਿਆਨ, ਤਜ਼ਰਬੇ, ਵਿੱਦਿਅਕ ਯੋਗਤਾ, ਵਾਧੂ ਵਿਸ਼ਾ ਆਦਿ ਦੇ ਵੱਖ-ਵੱਖ ਕੈਟੇਗਰੀ 'ਚ ਪੁਆਇੰਟ ਦਿੱਤੇ ਜਾਂਦੇ ਹਨ। ਇਹ ਨਿਯਮ ਪਹਿਲਾਂ 49 ਸਾਲ ਦੀ ਉਮਰ ਤਕ ਲਈ ਸਨ, ਜਿਹੜੇ ਹੁਣ 45 ਸਾਲ ਤਕ ਹੋ ਜਾਣਗੇ। ਇਸ ਨਾਲ 45 ਸਾਲ ਤੋਂ ਉੱਪਰ ਵਾਲੇ ਬਿਨੈਕਾਰਾਂ ਲਈ ਪੀ.ਆਰ. ਹਾਸਲ ਕਰਨਾ ਹੋਰ ਮੁਸ਼ਕਿਲ ਹੋ ਜਾਵੇਗਾ। ਦੱਸ ਦਈਏ ਕਿ ਬਿਨੈਕਾਰ ਲਈ ਸਕਿਲਡ ਵੀਜ਼ਾ ਅਪਲਾਈ ਕਰਨ ਲਈ 70 ਪੁਆਇੰਟ ਲੋੜੀਂਦੇ ਹਨ, ਜੇਕਰ ਉਮਰ ਦੇ ਪੁਆਇੰਟ ਇਸ 'ਚੋਂ ਕੱਢ ਦਿੱਤੇ ਜਾਣ ਤਾਂ ਪੁਆਇੰਟ ਪੂਰੇ ਕਰਨੇ ਮੁਸ਼ਕਿਲ ਹੋ ਜਾਣਗੇ।