ਬੰਗਲਾਦੇਸ਼ : ਸੜਕ ਹਾਦਸੇ ''ਚ 6 ਲੋਕਾਂ ਦੀ ਮੌਤ ਤੇ 12 ਜ਼ਖਮੀ

05/18/2019 3:01:19 PM

ਢਾਕਾ— ਬੰਗਲਾਦੇਸ਼ 'ਚ ਸੜਕ ਹਾਦਸੇ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਤੇ ਹੋਰ 12 ਜ਼ਖਮੀ ਹੋ ਗਏ। ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਬਾਗੇਰਹਤ-ਮਾਵਾ ਹਾਈਵੇਅ ਤੋਂ ਜਾ ਰਹੀ ਬੱਸ ਇਕ ਦਰੱਖਤ ਨਾਲ ਟਕਰਾ ਗਈ। ਮ੍ਰਿਤਕਾਂ 'ਚੋਂ 3 ਦੀ ਪਛਾਣ ਹੇਮਾਇਤ ਬਿਸਵਾਸ (45), ਕੁਦੁਸ ਸਰਦਾਰ (60) ਅਤੇ ਫਰਹਾਦ (45) ਵਜੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਹਾਦਸੇ 'ਚ ਬੱਸ ਡਰਾਈਵਰ ਦੀ ਵੀ ਮੌਤ ਹੋ ਗਈ।

ਕਿਹਾ ਜਾ ਰਿਹਾ ਹੈ ਕਿ ਡਰਾਈਵਰ ਦਾ ਬੱਸ 'ਤੇ ਕੰਟਰੋਲ ਨਾ ਰਿਹਾ, ਜਿਸ ਕਾਰਨ ਸੜਕ 'ਤੇ ਲੱਗੇ ਦਰੱਖਤ ਨਾਲ ਬੱਸ ਟਕਰਾ ਗਈ। 5 ਲੋਕਾਂ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ ਸੀ ਜਦਕਿ ਇਕ ਵਿਅਕਤੀ ਨੇ ਹਸਪਤਾਲ 'ਚ ਦਮ ਤੋੜਿਆ। ਜ਼ਖਮੀ ਲੋਕਾਂ ਦਾ ਇਲਾਜ ਹਸਪਤਾਲ 'ਚ ਚੱਲ ਰਿਹਾ ਹੈ। ਉਨ੍ਹਾਂ ਦੀ ਸਥਿਤੀ ਸਬੰਧੀ ਅਜੇ ਜਾਣਕਾਰੀ ਨਹੀਂ ਮਿਲ ਸਕੀ। ਪੁਲਸ ਇਹ ਜਾਨਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕਿਤੇ ਹਾਦਸੇ ਸਮੇਂ ਬੱਸ ਡਰਾਈਵਰ ਨਸ਼ੇ 'ਚ ਤਾਂ ਨਹੀਂ ਸੀ। ਅਧਿਕਾਰੀਆਂ ਨੇ ਦੱਸਿਆ ਕਿ ਕੁਝ ਸਮੇਂ ਤਕ ਇਹ ਸੜਕ ਬੰਦ ਰਹੀ ਤੇ ਫਿਰ ਇੱਥੋ ਮਲਬਾ ਚੁੱਕਣ ਮਗਰੋਂ ਆਵਾਜਾਈ ਚਾਲੂ ਕਰ ਦਿੱਤੀ ਗਈ।