ਸਿੰਗਾਪੁਰ : ਭਾਰੀ ਮੀਂਹ ਦੇ ਬਾਵਜੂਦ ਮੰਦਰ ''ਚ ਖਾਸ ਪੂਜਾ ਲਈ ਪੁੱਜੇ 15,000 ਸ਼ਰਧਾਲੂ

12/16/2019 3:29:28 PM

ਸਿੰਗਾਪੁਰ, (ਏਜੰਸੀ)— ਸਿੰਗਾਪੁਰ ਦੇ ਚਾਈਨਾਟਾਊਨ 'ਚ ਐਤਵਾਰ ਸਵੇਰੇ ਭਾਰੀ ਮੀਂਹ ਦੇ ਬਾਵਜੂਦ ਤਕਰੀਬਨ 15,000 ਹਿੰਦੂ ਸ਼ਰਧਾਲੂ 94 ਸਾਲ ਪੁਰਾਣੇ ਇਕ ਮੰਦਰ ਦੀ ਖਾਸ ਪੂਜਾ 'ਚ ਸ਼ਾਮਲ ਹੋਏ। ਇੱਥੇ ਲਾਇਨ ਸਿਥੀ ਵਿਨੈਗਰ ਮੰਦਰ 'ਚ ਪਿਛਲੇ 7 ਮਹੀਨੇ ਤੋਂ ਚੱਲ ਰਿਹਾ ਮੁਰੰਮਤ ਦਾ ਕੰਮ ਵੀ ਖਤਮ ਹੋ ਗਿਆ ਹੈ। ਮੰਦਰ ਦੀ ਮੁਰੰਮਤ 'ਚ 10 ਲੱਖ ਸਿੰਗਾਪੁਰੀ ਡਾਲਰ ਖਰਚ ਹੋਏ। ਸਿੰਗਾਪੁਰ 'ਚ ਹਰ 12 ਸਾਲਾਂ ਬਾਅਦ ਮੰਦਰਾਂ ਦਾ ਮੁੜ ਨਿਰਮਾਣ ਕੀਤਾ ਜਾਂਦਾ ਹੈ।

ਸਿੰਗਾਪੁਰ ਦੇ ਸਿੱਖਿਆ ਮੰਤਰੀ ਓਂਗ ਯੇ ਕੁੰਗ ਅਤੇ ਸੰਸਦ ਮੈਂਬਰ ਜੋਆਨ ਪੇਰੀਰਾ ਅਤੇ ਮੁਰਲੀ ਪਿਲਈ ਵੀ ਇਸ ਸਮਾਰੋਹ 'ਚ ਸ਼ਾਮਲ ਹੋਏ। ਮੰਦਰ ਕਮੇਟੀ ਦੇ ਪ੍ਰਧਾਨ ਆਰ. ਐੱਮ. ਮੁਥੈਆ ਨੇ ਦੱਸਿਆ ਕਿ ਸ਼ਰਧਾਲੂ ਮੰਦਰ ਦੇ ਗਰਭ ਗ੍ਰਹਿ ਦੇ 108 ਚੱਕਰ ਲਗਾਉਂਦੇ ਹਨ। ਤਕਰੀਬਨ 5000 ਲੋਕ ਰੋਜ਼ਾਨਾ ਇੱਥੇ ਪੂਜਾ ਕਰਨ ਆਉਂਦੇ ਹਨ। ਮੁਥੈਆ ਨੇ ਦੱਸਿਆ ਕਿ ਇਸ ਮੰਦਰ 'ਚ ਸਾਲਾਂ ਤੋਂ ਵੱਖ-ਵੱਖ ਸੱਭਿਆਚਾਰਾਂ ਦੇ ਸ਼ਰਧਾਲੂ ਆਉਂਦੇ ਹਨ। ਉਨ੍ਹਾਂ ਕਿਹਾ,''ਬਲਕਿ ਹਰ ਰੋਜ਼ ਪਹਿਲਾ ਵਿਅਕਤੀ ਜੋ ਮੰਦਰ ਆਉਂਦਾ ਹੈ, ਉਹ ਇਕ ਚੀਨੀ ਸ਼ਰਧਾਲੂ ਹੈ। ਜਦ ਮੰਦਰ ਦੇ ਦੁਆਰ ਖੁੱਲ੍ਹਦੇ ਹਨ ਤਾਂ ਉਹ ਹੀ ਸਭ ਤੋਂ ਪਹਿਲਾਂ ਖੜ੍ਹਾ ਹੁੰਦਾ ਹੈ।''