ਕੋਰੋਨਾ : ਸਿੰਗਾਪੁਰ ਨੇ ਆਨਲਾਈਨ ਸਿੱਖਿਆ ਲਈ 'ਜ਼ੂਮ' ਦੇ ਇਸਤੇਮਾਲ 'ਤੇ ਲਗਾਈ ਪਾਬੰਦੀ

04/10/2020 9:11:52 PM

ਸਿੰਗਾਪੁਰ-ਸਿੰਗਾਪੁਰ ਨੇ ਆਨਲਾਈਨ ਸਿੱਖਿਆ ਲਈ 'ਜ਼ੂਮ' ਦੇ ਇਸਤੇਮਾਲ 'ਤੇ ਪਾਬੰਦੀ ਲੱਗਾ ਦਿੱਤੀ ਹੈ। ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਕਿਉਂਕਿ ਕੁਝ ਹੈਕਰਾਂ ਨੇ ਜ਼ੂਮ ਦੇ ਇਸਤੇਮਾਲ ਦੌਰਾਨ ਆਨਲਾਈਨ ਪਾਠ (ਲੈਸਨ) 'ਚ ਸੰਨ੍ਹ ਲੱਗਾ ਕੇ ਵਿਦਿਆਰਥੀਆਂ ਨੂੰ ਅਸ਼ਲੀਲ ਤਸਵੀਰਾਂ ਦਿਖਾਈਆਂ। ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਸਿੰਗਾਪੁਰ 'ਚ ਅਣਮਿਥੇ ਸਮੇਂ ਲਈ ਲਾਕਡਾਊਨ ਤਹਿਤ ਬੁੱਧਵਾਰ ਨੂੰ ਸਕੂਲਾਂ ਦੇ ਬੰਦ ਹੋਣ ਤੋਂ ਬਾਅਦ ਦੋ ਹੈਕਰਾਂ ਨੇ ਭੂਗੋਲ ਦੀ ਆਨਲਾਈਨ ਕਲਾਸ ਨੂੰ ਰੋਕ ਦਿੱਤਾ।

ਸਕੂਲਾਂ ਦੇ ਬੰਦ ਹੋਣ ਕਾਰਣ ਅਧਿਆਪਕ ਆਨਲਾਈਨ ਤਰੀਕੇ ਨਾਲ ਵਿਦਿਆਰਥੀਆਂ ਨੂੰ ਪੜ੍ਹਾ ਰਹੇ ਹਨ। ਇਨ੍ਹਾਂ 'ਚੋਂ ਕੁਝ ਅਧਿਆਪਕ ਅਤੇ ਵਿਦਿਆਰਥੀ ਵੀਡੀਓ ਕਾਨਫ੍ਰੈਂਸਿੰਗ ਲਈ ਜ਼ੂਮ ਦਾ ਇਸਤੇਮਾਲ ਕਰਦੇ ਹਨ। ਸਿੰਗਾਪੁਰ ਦੇ ਸਿੱਖਿਆ ਮੰਤਰਾਲਾ ਨੇ ਕਿਹਾ ਕਿ ਹੈਕਿੰਗ ਦੀਆਂ ਇਹ ਘਟਨਾਵਾਂ ਗੰਭੀਰ ਹਨ ਅਤੇ ਪੁਲਸ ਇਸ ਦੀ ਜਾਂਚ ਕਰ ਰਹੀ ਹੈ। ਮੰਤਰਾਲਾ ਦੇ ਸਿੱਖਿਆ ਤਕਨਾਲੋਜੀ ਖੰਡ ਦੇ ਨਿਰਦੇਸ਼ਕ ਏਰੋਨ ਲੋਹ ਨੇ ਦੱਸਿਆ ਕਿ ਸੁਰੱਖਿਆ ਉਪਾਅ ਵਧਾਉਣ ਲਈ ਅਸੀਂ ਪਹਿਲਾਂ ਤੋਂ ਹੀ ਜ਼ੂਮ ਨਾਲ ਕੰਮ ਕਰ ਰਹੇ ਹਨ।

ਸਾਵਧਾਨੀ ਦੇ ਤੌਰ 'ਤੇ ਸਾਡੇ ਅਧਿਆਪਕ ਸੁਰੱਖਿਆ ਸਬੰਧੀ ਹੱਲ ਨਾ ਹੋਣ ਤਕ ਜ਼ੂਮ ਦਾ ਇਸਤੇਮਾਲ ਨਹੀਂ ਕਰਨਗੇ। ਟੈਲੀਕਾਨਫ੍ਰੈਂਸਿੰਗ 'ਚ ਰੁਕਾਵਟ ਨਾਲ ਸਿਰਫ ਸਿੰਗਾਪੁਰ ਹੀ ਪ੍ਰਭਾਵਿਤ ਨਹੀਂ ਹੋਇਆ ਹੈ। ਅਮਰੀਕਾ ਦੀ ਸੰਘੀ ਜਾਂਚ ਏਜੰਸੀ ਐੱਫ.ਬੀ.ਈ. ਨੇ ਵੀ 30 ਮਾਰਚ ਨੂੰ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਮੀਟਿੰਗ ਲਈ ਜ਼ੂਮ ਦਾ ਇਸਤੇਮਾਲ ਕਰਨ ਤੋਂ ਬਚੋ ਕਿਉਂਕਿ ਇਸ ਤਰ੍ਹਾਂ ਦੀਆਂ ਕਈ ਖਬਰਾਂ ਆਈਆਂ ਹਨ ਕਿ ਹੈਕਰਾਂ ਨੇ ਇਸ ਦੇ ਰਾਹੀਂ ਘੁਸਪੈਠ ਕਰਕੇ ਅਸ਼ਲੀਲ ਮੈਸੇਜ ਜਾਂ ਵੀਡੀਓ ਪ੍ਰਸਾਰਿਤ ਕੀਤੇ ਹਨ।

Karan Kumar

This news is Content Editor Karan Kumar