ਸਿੰਗਾਪੁਰ : ਸਮਲਿੰਗੀ ਡੀ.ਜੇ. ਨੇ 'ਟੈਡਐਕਸ ਟਾਕ' ਤੋਂ ਵਾਪਸ ਲਿਆ ਨਾਮ

7/4/2019 5:19:31 PM

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਦੇ ਇਕ ਸਮਲਿੰਗੀ ਡੀ.ਜੇ. ਨੇ ਇਕ ਵਿੱਦਿਅਕ ਅਦਾਰੇ ਵਿਚ 'ਟੇਡਐਕਸ ਟਾਕ' ਤੋਂ ਆਪਣਾ ਨਾਮ ਵਾਪਸ ਲੈ ਲਿਆ ਹੈ। ਅਸਲ ਵਿਚ ਉਨ੍ਹਾਂ ਨੂੰ ਆਪਣੇ ਭਾਸ਼ਣ ਵਿਚ ਲਿੰਗ ਨਾਲ ਸਬੰਧਤ ਸੈਕਸ਼ਨ ਵਿਚ ਤਬਦੀਲੀ ਕਰਨ ਲਈ ਕਿਹਾ ਗਿਆ ਸੀ। ਡੀ.ਜੇ. ਨੇ ਕਿਹਾ ਇਕ ਉਹ ਆਪਣੇ ਸੰਘਰਸ਼ਾਂ ਅਤੇ ਬਲੀਦਾਨਾਂ ਨੂੰ ਨਹੀਂ ਲੁਕਾਉਣਗੇ। ਜ਼ਿਕਰਯੋਗ ਹੈ ਕਿ ਸਿੰਗਾਪੁਰ ਵਿਚ ਸਮਲਿੰਗਤਾ ਨੂੰ ਲੈ ਕੇ ਹਾਲੇ ਵੀ ਰੂੜ੍ਹੀਵਾਦੀ ਵਿਚਾਰ ਹਨ। ਇੱਥੇ ਸਮਾਨ ਲਿੰਗ ਦੇ ਲੋਕਾਂ ਵਿਚ ਜਿਨਸੀ ਸੰਬੰਧ ਬਸਤੀਵਾਦੀ ਕਾਲ ਦੇ ਕਾਨੂੰਨ ਦੇ ਤਹਿਤ ਤਕਨੀਕੀ ਰੂਪ ਨਾਲ ਗੈਰ ਕਾਨੂੰਨੀ ਹਨ। ਇਹ ਵੱਖਰੀ ਗੱਲ ਹੈ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ। 

ਜੋਸ਼ੁਆ ਸਿਮੋਨ ਸਥਾਨਕ ਰੇਡੀਓ ਸਟੇਸ਼ਨ ਵਿਚ ਮਸ਼ਹੂਰ ਡੀ.ਜੇ. ਹਨ ਅਤੇ ਸ਼ਨੀਵਾਰ ਨੂੰ ਇਹ ਸਿੰਗਾਪੁਰ ਪਾਲੀਟੈਕਨੀਕਲ ਵਿਚ 16 ਤੋਂ 19 ਸਾਲ ਦੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਨ ਵਾਲੇ ਸਨ। 'ਟੇਡ' ਤੋਂ ਮੁਫਤ ਲਾਈਸੈਂਸ ਦੇ ਤਹਿਤ 'ਟੇਡਐਕਸ' ਪ੍ਰੋਗਰਾਮ ਵਿਚ ਆਪਣੇ ਪੱਧਰ 'ਤੇ ਆਯੋਜਿਤ ਕੀਤਾ ਜਾਂਦਾ ਹੈ। 'ਟੇਡ' ਇਕ ਗੈਰ ਲਾਭਕਾਰੀ ਸੰਗਠਨ ਹੈ ਜੋ ਪ੍ਰਭਾਵੀ ਸ਼ਖਸੀਅਤਾਂ ਦੇ ਬਿਆਨਾਂ ਨੂੰ ਪ੍ਰਦਰਸ਼ਿਤ ਕਰਦਾ ਹੈ। ਆਪਣੀ ਇਕ ਫੇਸਬੁੱਕ ਪੋਸਟ ਵਿਚ 29 ਸਾਲਾ ਸਿਮੋਨ ਨੇ ਕਿਹਾ ਕਿ ਗੇ ਹੋਣ ਕਾਰਨ ਉਨ੍ਹਾਂ ਨੂੰ ਆਪਣੇ ਭਾਸ਼ਣ ਵਿਚ ਤਬਦੀਲੀ ਕਰਨ ਲਈ ਕਿਹਾ ਗਿਆ ਸੀ। 

ਇਸ ਵਿਚ ਉਹ ਕਿੱਸਾ ਵੀ ਸ਼ਾਮਲ ਸੀ ਕਿਵੇਂ ਉਨ੍ਹਾਂ ਦੇ ਪਿਤਾ ਨੂੰ ਇਸ ਬਾਰੇ ਵਿਚ ਪਤਾ ਚੱਲਿਆ। ਉਨ੍ਹਾਂ ਨੇ ਲਿਖਿਆ,''ਮੇਰੇ ਸੰਘਰਸ਼ਾਂ ਅਤੇ ਬਲੀਦਾਨਾਂ ਨੂੰ ਲੁਕਾਉਣਾ ਸ਼ਰਮ ਦੀ ਗੱਲ ਹੈ। ਮੈਂ ਸਕੂਲ ਨੂੰ ਕਿਹਾ ਕਿ ਮੈਂ ਹੁਣ ਟਾਕ (ਪ੍ਰੋਗਰਾਮ) ਨਹੀਂ ਕਰਾਂਗਾ। ਮੈਂ ਆਪਣੀ ਸਕ੍ਰਿਪਟ ਵਿਚ ਕੋਈ ਤਬਦੀਲੀ ਕਰਨੀ ਪਸੰਦ ਨਹੀਂ ਕੀਤੀ।'' ਇਹ ਪਹਿਲੀ ਵਾਰ ਨਹੀਂ ਹੈ ਜਦੋਂ 'ਟੇਡਐਕਸ ਟਾਕ' ਨੂੰ ਸਮਲਿੰਗੀ ਨਾਲ ਸਬੰਧਤ ਸੰਵੇਦਨਸ਼ੀਲ ਮੁੱਦੇ ਨੂੰ ਆਧਾਰ ਬਣਾ ਕੇ ਰੱਦ ਕੀਤਾ ਗਿਆ ਹੋਵੇ। ਪਿਛਲੇ ਸਾਲ ਵੀ ਇਕ ਗੇ ਕਾਰਕੁੰਨ ਨੂੰ ਵੱਕਾਰੀ ਕੈਥੋਲਿਕ ਸਕੂਲ ਵਿਚ ਭਾਸ਼ਣ ਦੇਣ ਤੋਂ ਰੋਕ ਦਿੱਤਾ ਗਿਆ ਸੀ। ਸਿੰਗਾਪੁਰ ਪਾਲੀਟੈਕਨੀਕਲ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਪ੍ਰੋਗਰਾਮ ਆਯੋਜਕਾਂ ਨੇ ਸਿਮੋਨ ਨੂੰ ਆਪਣੇ ਭਾਸ਼ਣ ਵਿਚ ਤਬਦੀਲੀ ਕਰਨ ਦਾ ਸੁਝਾਅ ਦਿੱਤਾ ਸੀ।


Vandana

Edited By Vandana