ਸਿੰਗਾਪੁਰ ''ਚ ਫੜੀ ਗਈ ਹਾਥੀ ਦੰਦਾਂ ਅਤੇ ਪੈਂਗੋਲਿਨ ਜਾਨਵਰ ਦੀ ਵੱਡੀ ਤਸਕਰੀ

07/23/2019 3:55:26 PM

ਸਿੰਗਾਪੁਰ— ਬੀਤੇ ਦਿਨ ਸਿੰਗਾਪੁਰ ਪੁਲਸ ਨੇ ਹਾਥੀ ਦੰਦਾਂ ਅਤੇ ਪੈਂਗੋਲਿਨ ਜਾਨਵਰਾਂ ਦੀ ਬਹੁਤ ਵੱਡੀ ਤਸਕਰੀ ਫੜੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ 'ਚ ਲਗਭਗ 300 ਅਫਰੀਕੀ ਹਾਥੀਆਂ ਦੇ ਦੰਦ ਹੋਣਗੇ, ਜੋ ਲਗਭਗ 9 ਟਨ ਹਨ। 1932 ਤੋਂ ਬਾਅਦ ਇਹ ਬਹੁਤ ਵੱਡੀ ਤਸਕਰੀ ਫੜੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ 21 ਜੁਲਾਈ ਨੂੰ ਸਿੰਗਾਪੁਰ ਤੋਂ ਵੀਅਤਨਾਮ ਹੁੰਦੇ ਹੋਏ ਕਾਂਗੋ ਲੋਕਤੰਤਰਿਕ ਗਣਰਾਜ ਜਾ ਰਿਹਾ ਇਕ ਗੈਰ-ਕਾਨੂੰਨੀ ਕਾਰਗੋ ਫੜਿਆ ਗਿਆ। ਇਸ ਨੂੰ ਲੱਕੜ ਨਾਲ ਲੋਡ ਕਰਕੇ ਲੈ ਜਾਇਆ ਜਾ ਰਿਹਾ ਸੀ।

ਪੁਲਸ ਨੇ ਇਸ ਵੱਡੀ ਤਸਕਰੀ ਨੂੰ ਰਾਹ 'ਚ ਹੀ ਰੋਕ ਲਿਆ। ਇਸ 'ਚ 11.9 ਟਨ ਪੈਂਗੋਲਿਨ ਜਾਨਵਰ ਸਨ, ਜਿਨ੍ਹਾਂ ਦੀ ਬਾਜ਼ਾਰ 'ਚ ਕੀਮਤ ਲਗਭਗ 35.7 ਮਿਲੀਅਨ ਡਾਲਰ ਹੈ। ਇਸ ਜਾਨਵਰ ਦਾ ਮੀਟ ਬਹੁਤ ਮਹਿੰਗਾ ਵਿਕਦਾ ਹੈ ਤੇ ਉੱਪਰਲੇ ਖੰਭ (ਸਕੇਲ) ਦਵਾਈਆਂ ਬਣਾਉਣ ਦੇ ਕੰਮ ਆਉਂਦੇ ਹਨ। ਜਦਕਿ ਹਾਥੀ ਦੰਦਾਂ ਨਾਲ ਗਹਿਣੇ ਤੇ ਹੋਰ ਸ਼ਿੰਗਾਰ ਦਾ ਸਮਾਨ ਬਣਦਾ ਹੈ, ਜੋ ਕਾਫੀ ਮਹਿੰਗਾ ਵਿਕਦਾ ਹੈ। ਨੈਸ਼ਨਲ ਪਾਰਕ ਬੋਰਡ ਅਤੇ ਕਸਟਮ ਤੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੱਸਿਆ ਕਿ 8.8 ਟਨ ਹਾਥੀ ਦੰਦ ਮਿਲਣਾ ਬਹੁਤ ਵੱਡੀ ਗੱਲ ਹੈ, ਜਿਸ ਦੀ ਬਾਜ਼ਾਰ 'ਚ ਕੀਮਤ ਲਗਭਗ 12.9 ਮਿਲੀਅਨ ਡਾਲਰ ਹੈ। ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਸਭ ਨੂੰ ਸਾੜ ਦੇਣਗੇ।