ਸਿੰਗਾਪੁਰ ''ਚ ਕਰੋਨਾ ਵਾਇਰਸ ਦੇ 33 ਮਰੀਜ਼ਾਂ ਦੀ ਪੁਸ਼ਟੀ, ਓਰੇਂਜ ਅਲਰਟ ਜਾਰੀ

02/07/2020 8:11:54 PM

ਸਿੰਗਾਪੁਰ (ਏ.ਐਨ.ਆਈ.)- ਚੀਨ 'ਚ ਕਹਿਰ ਵਰ੍ਹਾ ਰਹੇ ਕਰੋਨਾ ਵਾਇਰਸ ਨੇ ਸਿੰਗਾਪੁਰ 'ਚ ਵੀ ਖਲਬਲੀ ਮਚਾ ਦਿੱਤੀ ਹੈ। ਸਿੰਗਾਪੁਰ 'ਚ ਇਸ ਵਾਇਰਸ ਨਾਲ ਇਨਫੈਕਟਿਡ ਰੋਗੀਆਂ ਦੀ ਗਿਣਤੀ ਵਧ ਕੇ 33 ਹੋ ਗਈ ਹੈ। ਚੀਨ ਤੋਂ ਬਾਅਦ ਕਿਸੇ ਬਾਹਰੀ ਮੁਲਕ 'ਚ ਕਰੋਨਾ ਵਾਇਰਸ ਨਾਲ ਪੀੜਤਾਂ ਦੀ ਇਹ ਸਭ ਤੋਂ ਵੱਡੀ ਗਿਣਤੀ ਹੈ। ਸਿੰਗਾਪੁਰ 'ਚ ਤੇਜ਼ੀ ਨਾਲ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਅਲਰਟ ਦਾ ਪੱਧਰ ਵਧਾ ਕੇ ਯੈਲੋ ਤੋਂ ਓਰੇਂਜ ਕਰ ਦਿੱਤਾ ਗਿਆ ਹੈ। ਇਹ ਚਿਤਾਵਨੀ ਉਨ੍ਹਾਂ ਤਿੰਨ ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਜਾਰੀ ਹੋਈ, ਜਿਨ੍ਹਾਂ ਨੇ ਕਦੇ ਚੀਨ ਦੀ ਯਾਤਰਾ ਨਹੀਂ ਕੀਤੀ। ਇਨ੍ਹਾਂ ਨੂੰ ਕਰੋਨਾ ਵਾਇਰਸ ਦਾ ਇਨਫੈਕਸ਼ਨ ਕਿਵੇਂ ਹੋਇਆ ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ।

ਸਰਕਾਰ ਵਲੋਂ ਜਾਰੀ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਕੁਝ ਮਾਮਲਿਆਂ ਦਾ ਸਬੰਧ ਚੀਨ ਨਾਲ ਨਹੀਂ ਹੈ ਕਿਉਂਕਿ ਇਹ ਮਾਮਲੇ ਸਥਾਨਕ ਹਨ ਇਸ ਲਈ ਅਲਰਟ ਦੇ ਪੱਧਰ ਨੂੰ ਵਧਾ ਕੇ ਓਰੇਂਜ ਕਰ ਦਿੱਤਾ ਗਿਆ ਹੈ। ਓਰੇਂਜ ਦਾ ਮਤਲਬ ਹੈ ਕਿ ਆਮ ਲੋਕਾਂ ਦੀ ਸਿਹਤ ਲਈ ਖਤਰਾ ਸਭ ਤੋਂ ਜ਼ਿਆਦਾ ਹੈ। ਕਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਜੋ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ 'ਚ 53 ਸਾਲ ਦਾ ਇਕ ਵਿਅਕਤੀ ਹੈ, ਜੋ ਮਲੇਸ਼ੀਆ 'ਚ ਤਿੰਨ ਦਿਨ ਬਿਤਾ ਕੇ ਆਇਆ ਸੀ। ਦੂਜਾ ਮਰੀਜ਼ ਇਕ ਮਹਿਲਾ ਹੈ, ਜੋ ਵਿਕਟੋਰੀਆ ਜੂਨੀਅਰ ਕਾਲਜ ਵਿਚ ਪ੍ਰੋਫੈਸਰ ਹੈ। ਤੀਜਾ ਕੇਸ ਇਕ 39 ਸਾਲ ਦੀ ਮਹਿਲਾ ਦਾ ਹੈ ਜੋ 22 ਤੋਂ 29 ਜਨਵਰੀ ਤੱਕ ਮਲੇਸ਼ੀਆ ਵਿਚ ਰਹਿਣ ਤੋਂ ਬਾਅਦ ਆਈ ਹੈ।

ਉਥੇ ਹੀ ਜਾਪਾਨ ਨੇ ਆਪਣੇ ਵੱਖ ਕੀਤੇ ਗਏ ਕਰੂਜ਼ ਜਹਾਜ਼ 'ਤੇ ਕਰੋਨਾ ਵਾਇਰਸ ਦੇ 41 ਨਵੇਂ ਮਾਮਲੇ ਦਰਜ ਕੀਤੇ ਹਨ। ਦੂਜੇ ਪਾਸੇ ਚੀਨ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 636 ਤੱਕ ਪਹੁੰਚ ਗਈ ਹੈ, ਜਿਸ ਵਿਚ ਉਹ ਡਾਕਟਰ ਵੀ ਸ਼ਾਮਲ ਹਨ ਜਿਸ ਨੇ ਇਸ ਵਾਇਰਸ ਦੇ ਖਤਰੇ ਬਾਰੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ। ਇਹੀ ਨਹੀਂ ਇਸ ਚਿਤਾਵਨੀ ਦੇ ਚਲਦੇ ਉਸ ਡਾਕਟਰ ਨੂੰ ਚੀਨੀ ਅਧਿਕਾਰੀਆਂ ਦੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਸੀ। ਡੌਲ ਲੀ ਵੇਨਲਿਆਂਗ (34) ਦੇ ਨਾਲ ਸਾਹਮਣੇ ਆਏ ਬੁਰੇ ਵਰਤਾਓ ਦੀ ਘਟਨਾ 'ਤੇ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਲਈ ਟੀਮ ਭੇਜ ਰਹੀ ਹੈ। 


Sunny Mehra

Content Editor

Related News