ਸਿੰਗਾਪੁਰ 'ਚ ਲੱਗਭਗ 4,800 ਭਾਰਤੀ ਕੋਰੋਨਾ ਪੌਜੀਟਿਵ, ਹੁਣ ਤੱਕ 18 ਲੋਕਾਂ ਦੀ ਮੌਤ

05/04/2020 2:40:05 PM

ਸਿੰਗਾਪੁਰ (ਬਿਊਰੋ): ਸਿੰਗਾਪੁਰ ਵਿਚ ਵੀ ਵੱਡੀ ਗਿਣਤੀ ਵਿਚ ਕੋਰੋਨਾਵਾਇਰਸ ਪੌਜੀਟਿਵ ਮਾਮਲੇ ਸਾਹਮਣੇ ਆਏ ਹਨ। ਭਾਰਤੀ ਹਾਈ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਹੈ ਕਿ ਅਪ੍ਰੈਲ ਦੇ ਅਖੀਰ ਤੱਕ ਲੱਗਭਗ 4,800 ਭਾਰਤੀ ਨਾਗਰਿਕ ਸਿੰਗਾਪੁਰ ਵਿਚ ਕੋਰੋਨਾਵਾਇਰਸ ਨਾਲ ਇਨਫੈਕਟਿਡ ਹਨ। ਸਿੰਗਾਪੁਰ ਦੇ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਸਿੰਗਾਪੁਰ ਵਿਚ ਕੁੱਲ 18,205 ਲੋਕ ਕੋਰੋਨਾਵਾਇਰਸ ਨਾਲ ਇਨਫੈਕਟਿਡ ਹਨ ਜਦਕਿ ਹੁਣ ਤੱਕ 18 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਸਿੰਗਾਪੁਰ ਵਿਚ ਭਾਰਤੀ ਹਾਈ ਕਮਿਸ਼ਨਰ ਜਾਵੇਦ ਅਸ਼ਰਫ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਸਾਰੇ ਭਾਰਤੀ ਕਾਮਿਆਂ ਨੂੰ ਕੋਰੋਨਾਵਾਇਰਸ ਦਾ ਹਲਕਾ ਇਨਫੈਕਸ਼ਨ ਹੈ ਅਤੇ ਉਹਨਾਂ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ। ਉਹਨਾਂ ਨੇ ਕਿਹਾ ਕਿ ਵਿਦਿਆਰਥੀਆਂ ਸਮੇਤ 3,500 ਤੋਂ ਵਧੇਰੇ ਭਾਰਤੀ ਨਾਗਰਿਕਾਂ ਨੇ ਆਪਣੇ ਘਰ ਪਰਤਣ ਅਤੇ ਭੋਜਨ ਦੀ ਮਦਦ ਲੈਣ ਲਈ ਹਾਈ ਕਮਿਸ਼ਨ ਵਿਚ ਰਜਿਸਟ੍ਰੇਸ਼ਨ ਕਰਵਾਈ ਹੈ। ਉਹਨਾਂ ਨੇ ਕਿਹਾ ਕਿ ਵਾਇਰਸ ਨਾਲ ਇਨਫੈਕਟਿਡ 4,800 ਭਾਰਤੀਆਂ ਵਿਚੋਂ 90 ਫੀਸਦੀ ਕਾਮੇ ਹਨ ਜਿਹਨਾਂ ਵਿਚੋਂ ਜ਼ਿਆਦਾਤਰ ਵਿਦੇਸ਼ੀ ਕਾਮਿਆਂ ਦੇ ਲਈ ਬਣਾਏ ਗਏ ਡੋਰਮੈਟਰੀ ਵਿਚ ਰਹਿ ਰਹੇ ਹਨ।

ਅਪ੍ਰੈਲ ਵਿਚ ਸਿੰਗਾਪੁਰ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚੋਂ 90 ਫੀਸਦੀ ਤੋਂ ਵੱਧ ਡੋਰਮੈਟਰੀ ਤੋਂ ਸਨ, ਜਿੱਥੇ ਅਧਿਕਾਰੀ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਤੇਜ਼ੀ ਨਾਲ ਕਦਮ ਚੁੱਕ ਰਹੇ ਹਨ। ਸਿਹਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਅਸੀਂ ਇਹਨਾਂ ਕੰਪਲੈਕਸਾਂ ਵਿਚ ਵਿਆਪਕ ਪਰੀਖਣ ਕਰ ਰਹੇ ਹਾਂ। ਡੋਰਮੈਟਰੀ ਵਿਚ ਰਹਿਣ ਵਾਲੇ ਵਰਕ ਪਰਮਿਟ ਧਾਰਕਾਂ ਵਿਚੋਂ ਕੋਰੋਨਾ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਦਕਿ ਡੋਰਮੈਟਰੀ ਦੇ ਬਾਹਰ ਰਹਿਣ ਵਾਲੇ ਵਰਕ ਪਰਮਿਟ ਧਾਰਕਾਂ ਦੇ ਵਿਚ ਨਵੇਂ ਮਾਮਲਿਆਂ ਦੀ ਗਿਣਤੀ ਵਿਚ ਕਮੀ ਦੇਖਣ ਨੂੰ ਮਿਲੀ ਹੈ। 

ਪਹਿਲੇ ਹਫਤੇ ਵਿਚ ਰੋਜ਼ਾਨਾ ਔਸਤਨ 25 ਮਾਮਲੇ ਸਾਹਮਣੇ ਆ ਰਹੇ ਸਨ, ਜੋ ਹੁਣ ਘੱਟ ਕੇ ਔਸਤਨ 14 ਪ੍ਰਤੀ ਦਿਨ ਰਹਿ ਗਏ ਹਨ। ਇੱਥੇ ਦੱਸ ਦਈਏ ਕਿ ਕੋਰੋਨਾਵਾਇਰਸ ਦੀ ਮਹਾਮਾਰੀ ਦੌਰਾਨ 2 ਭਾਰਤੀ ਨਾਗਰਿਕਾਂ ਦੀ ਮੌਤ ਵੀ ਹੋਈ ਹੈ। ਇਕ ਵਿਅਕਤੀ ਦੀ ਮੌਤ ਦਿਲ ਦੀ ਬੀਮਾਰੀ ਕਾਰਨ ਹੋਈ ਸੀ ਭਾਵੇਂਕਿ ਜਾਂਚ ਵਿਚ ਉਹ ਕੋਰੋਨਾ ਨਾਲ ਇਨਫੈਕਟਿਡ ਪਾਇਆ ਗਿਆ। ਜਦਕਿ ਦੂਜੇ ਕੋਰੋਨਾ ਇਨਫੈਕਟਿਡ ਸ਼ਖਸ ਨੇ ਇਲਾਜ ਦੇ ਦੌਰਾਨ ਖੁਦਕੁਸ਼ੀ ਕਰ ਲਈ ਸੀ। ਅਸ਼ਰਫ ਨੇ ਕਿਹਾ ਕਿ ਸਥਿਤੀ ਸਧਾਰਨ ਹੋਣ 'ਤੇ ਨਿਯਮਿਤ ਉਡਾਣਾਂ ਦੁਬਾਰਾ ਸ਼ੁਰੂ ਹੋਣ 'ਤੇ ਉਹਨਾਂ ਦੇ ਅਵਸ਼ੇਸ਼ ਘਰ ਭੇਜੇ ਜਾਣਗੇ। 

ਪੜ੍ਹੋ ਇਹ ਅਹਿਮ ਖਬਰ- ਆਕਸਫੋਰਡ ਵਿਗਿਆਨੀ ਦਾ ਦਾਅਵਾ, ਜੂਨ ਤੱਕ ਸਾਹਮਣੇ ਆਵੇਗਾ ਵੈਕਸੀਨ ਦਾ ਰਹੱਸ

ਉਹਨਾਂ ਨੇ ਕਿਹਾ ਕਿ ਹਾਈ ਕਮਿਸ਼ਨ ਜਨਸ਼ਕਤੀ ਮੰਤਰਾਲੇ ਦੇ ਸੰਪਰਕ ਵਿਚ ਹੈ ਅਤੇ ਉਸ ਨੇ ਵਰਕਰਾਂ ਲਈ ਰਿਹਾਇਸ਼ ਅਤੇ ਭੋਜਨ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ। ਅਸੀਂ ਬੀਮਾਰ ਲੋਕਾਂ ਦੇ ਇਲਾਜ ਅਤੇ ਭਾਰਤੀ ਕਾਮਿਆਂ ਦੀ ਸਿਹਤ ਦੇ ਲਈ ਸਰਕਾਰ ਦੇ ਨਾਲ ਕੰਮ ਕਰ ਰਹੇ ਹਾਂ। ਹਾਈ ਕਮਿਸ਼ਨਰ ਨੇ ਕਿਹਾ ਕਿ ਸਿੰਗਾਪੁਰ ਸਰਕਾਰ ਵਿਦੇਸ਼ੀ ਕਾਮਿਆਂ ਦੇ ਵਿਚ ਇਨਫੈਕਸ਼ਨ ਦੇ ਪ੍ਰਸਾਰ ਨੂੰ ਰੋਕਣ ਲਈ ਲਗਾਤਾਰ ਅਤੇ ਤੇਜ਼ੀ ਨਾਲ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਕਾਮਿਆਂ ਨੂੰ ਵਿਦਿਅਕ ਅਤੇ ਮਨੋਰੰਜਨ ਸਮੱਗਰੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਡੋਰਮੈਟਰੀ ਵਿਚ ਬ੍ਰਾਡਬੈਂਡ ਅਤੇ ਵਾਈਫਾਈ ਦੀ ਸਹੂਲਤ ਵੀ ਵਧਾਈ ਜਾ ਰਹੀ ਹੈ। 

Vandana

This news is Content Editor Vandana