ਸਿੰਗਾਪੁਰ : ਭਾਰਤੀ ਮੂਲ ਦੇ ਬੈਂਕਰ ਨੂੰ ਧੋਖਾਧੜੀ ਮਾਮਲੇ ''ਚ ਜੇਲ

07/05/2019 9:36:15 AM

ਸਿੰਗਾਪੁਰ (ਬਿਊਰੋ)— ਸਿੰਗਾਪੁਰ ਵਿਚ ਵੀਰਵਾਰ ਨੂੰ ਭਾਰਤੀ ਮੂਲ ਦੇ ਇਕ ਬੈਂਕਰ ਨੂੰ 13 ਸਾਲ ਦੀ ਸਜ਼ਾ ਸੁਣਾਈ ਗਈ। ਉਸ ਨੂੰ ਧੋਖਾਧੜੀ ਦੇ 20 ਮਾਮਲਿਆਂ ਵਿਚ ਦੋਸ਼ੀ ਪਾਇਆ ਗਿਆ ਅਤੇ ਉਸ ਵਿਰੁੱਧ 1.3 ਕਰੋੜ ਅਮਰੀਕੀ ਡਾਲਰ ਲਈ ਕੰਪਿਊਟਰ ਦੀ ਦੁਰਵਰਤੋਂ ਐਕਟ ਦੇ ਤਹਿਤ 30 ਹੋਰ ਮਾਮਲੇ ਦਰਜ ਹੋਏ ਹਨ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਕਾਲੇ ਜਗਦੀਸ਼ ਪੁਰਸ਼ੋਤਮ (43) ਨਾਮ ਦੇ ਬੈਂਕਰ ਨੇ ਜੂਨ 2010 ਤੋਂ ਜਨਵਰੀ 2013 ਤੱਕ ਬਾਰਕਲੇਜ ਬੈਂਕ ਦੇ ਗਾਹਕਾਂ ਦੇ ਅਕਾਊਂਟ ਵਿਚੋਂ ਧੋਖੇ ਨਾਲ 1.3 ਕਰੋੜ ਡਾਲਰ ਕੱਢੇ ਸਨ। 

ਆਪਣੇ ਪਹਿਲੇ ਗਾਹਕਾਂ ਨੂੰ ਭੁਗਤਾਨ ਕਰਨ ਲਈ ਉਸ ਨੇ ਨਕਲੀ ਦਸਤਖਤ ਕਰ ਕੇ ਵਰਤਮਾਨ ਗਾਹਕਾਂ ਦੇ ਅਕਾਊਂਟ ਵਿਚੋਂ ਇਹ ਰਾਸ਼ੀ ਕੱਢੀ। ਉਸ ਨੇ ਪੈਸੇ ਰਿਕਵਰ ਕਰਨ ਲਈ ਟ੍ਰਾਂਜੈਕਸ਼ਨ ਦੀ ਵਰਤੋਂ ਕੀਤੀ ਪਰ ਕੋਈ ਫਾਇਦਾ ਨਹੀਂ ਹੋਇਆ। ਫਰਵਰੀ 2010 ਵਿਚ ਬ੍ਰਿਟਿਸ਼ ਬੈਂਕ ਨਾਲ ਜੁੜਨ ਤੋਂ ਪਹਿਲਾਂ ਕਾਲੇ ਨੇ ਯੂ.ਬੀ.ਐੱਸ. ਸਿੰਗਾਪੁਰ ਲਈ ਕੰਮ ਕੀਤਾ। ਇੱਥੇ ਉਹ ਓਕ ਨਾਮ ਦੀ ਕੰਪਨੀ ਲਈ ਰਿਲੇਸ਼ਨਸ਼ਿਪ ਮੈਨੇਜਰ ਦੇ ਤੌਰ 'ਤੇ ਕੰਮ ਕਰਦਾ ਸੀ। ਕੰਪਨੀ ਨੇ ਦੋਸ਼ ਲਗਾਇਆ ਗਿਆ ਕਿ ਕਾਲੇ ਨੇ ਆਪਣੇ ਖਾਤਿਆਂ ਵਿਚ ਪੈਸੇ ਦੀ ਵਰਤੋਂ ਕਰ ਕੇ ਅਣਅਧਿਕਾਰਤ ਵਿਦੇਸ਼ੀ ਮੁਦਰਾ ਦਾ ਲੈਣ-ਦੇਣ ਕੀਤਾ। 

ਡਿਪਟੀ ਪਬਲਿਕ ਸਰਕਾਰੀ ਵਕੀਲ ਐੱਨ.ਜੀ. ਟਿੰਗ ਦਾ ਕਹਿਣਾ ਹੈ ਕਿ ਕਾਲੇ ਨੇ ਕਾਨੂੰਨੀ ਮਾਮਲਿਆਂ ਤੋਂ ਬਚਣ ਲਈ ਰੈੱਡ ਓਕ ਨੂੰ 1.4 ਕਰੋੜ ਅਮਰੀਕੀ ਡਾਲਰ ਦਾ ਭੁਗਾਤਨ ਕਰਨ 'ਤੇ ਸਹਿਮਤੀ ਜ਼ਾਹਰ ਕੀਤੀ। ਟਿੰਗ ਨੇ ਅਦਾਲਤ ਨੂੰ ਦੱਸਿਆ ਕਿ ਕਾਲੇ ਆਪਣੀ ਕੰਪਿਊਟਰ ਫਾਈਲ ਵਿਚ ਅਧਿਕਾਰਤ ਦਸਤਖਤ ਕਰਤਾਵਾਂ ਤੋਂ ਅਸਲੀ ਦਸਤਖਤ ਕਾਪੀ ਅਤੇ ਪੇਸਟ ਕਰਕੇ ਫਰਜ਼ੀ ਦਸਤਾਵੇਜ਼ਾਂ ਨੂੰ ਅੱਗੇ ਭੇਜਦਾ ਸੀ। ਉਸ ਨੇ ਤਿੰਨ ਗਾਹਕਾਂ ਦੇ ਕੱਢੇ ਗਏ ਪੈਸਿਆਂ ਵਿਚ ਥੋੜ੍ਹੀ ਕਮੀ ਕਰਨ ਲਈ ਹੋਰ ਗਾਹਕਾਂ ਦੇ ਅਕਾਊਂਟ ਵਿਚੋਂ ਪੈਸੇ ਟਰਾਂਸਫਰ ਕੀਤੇ, ਜਿਸ ਲਈ ਉਸ ਨੇ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ। 

ਉਸ ਨੇ ਇਸ ਤਰ੍ਹਾਂ ਲੱਗਭਗ 81 ਅਨਅਧਿਕਾਰਤ ਫੰਡ ਟਰਾਂਸਫਰ  ਕੀਤੇ। ਸਿਰਫ ਇੰਨਾ ਹੀ ਨਹੀਂ ਉਹ ਫਰਜ਼ੀ ਦਸਤਾਵੇਜ਼ਾਂ ਦੀ ਵਰਤੋਂ ਆਪਣੇ ਗਾਹਕਾਂ ਦੇ ਨਾਮ ਨਾਲ ਬੈਂਕ ਅਕਾਊਂਟ ਖੋਲ੍ਹਣ ਲਈ ਵੀ ਕਰਦਾ ਸੀ ਤਾਂ ਜੋ ਉਹ ਕਰਜ਼ਾ ਲੈ ਸਕੇ। ਇਸ ਕਰਜ਼ੇ ਦੇ ਪੈਸਿਆਂ ਨੂੰ ਰੈੱਡਓਕ ਨੂੰ ਟਰਾਂਸਫਰ ਕੀਤਾ ਜਾਂਦਾ ਸੀ ਅਤੇ ਬਾਅਦ ਵਿਚ ਹੋਰ ਅਣਅਧਿਕਾਰਤ ਫੰਡ ਨੂੰ ਲੁਕਾਉਣ ਲਈ ਇਸ ਦੀ ਵਰਤੋਂ ਹੁੰਦੀ ਸੀ। ਰਿਪੋਰਟ ਮੁਤਾਬਕ ਕਾਲੇ ਨੇ ਆਪਣੇ 6 ਗਾਹਕਾਂ ਵੱਲੋਂ ਬਣਾਏ ਗਏ ਖਾਤਿਆਂ ਵਿਚੋਂ 162 ਕਰਜ਼ੇ ਲਏ। ਇਕ ਫਰਵਰੀ 2013 ਨੂੰ ਕਮਰਸ਼ੀਅਲ ਅਫੇਅਰ ਡਿਪਾਰਟਮੈਂਟ ਨੂੰ ਪਤਾ ਚੱਲਿਆ ਕਿ ਕਾਲੇ ਨੇ ਆਪਣੇ ਗਾਹਕਾਂ ਨਾਲ ਧੋਖਾਧੜੀ ਕੀਤੀ ਹੈ।

Vandana

This news is Content Editor Vandana