ਸਿਮਰਨਜੀਤ ਦੀ ਮ੍ਰਿਤਕ ਦੇਹ ਨੂੰ ਦੋਸਤਾਂ-ਮਿੱਤਰਾਂ ਨੇ ਸੇਜਲ ਅੱਖਾਂ ਨਾਲ ਭੇਜਿਆ ਭਾਰਤ

07/12/2017 10:38:25 AM

ਪੈਰਿਸ (ਭੱਟੀ)— ਸਿਮਰਨਜੀਤ ਸਿੰਘ ਉਰਫ ਜ਼ੈਲਦਾਰ ਨਿਵਾਸੀ ਬੇਗੋਵਾਲ 23 ਸਾਲ ਦੀ ਛੋਟੀ ਜਿਹੀ ਉਮਰ ਭੋਗਦਾ ਹੋਇਆ ਸਾਰਿਆਂ ਨੂੰ ਫਤਿਹ ਬੁਲਾ ਗਿਆ ਸੀ। ਐਸੋਸੀਏਸ਼ਨ ਔਰਰ-ਡਾਨ ਦੇ ਭਰਪੂਰ ਯਤਨਾਂ ਅਤੇ ਪੈਰਿਸ ਵਿਖੇ ਸਥਿਤ ਭਾਰਤੀ ਅੰਬੈਸੀ ਵੱਲੋਂ ਮਿਲੀ ਮਾਇਕ ਸਹਾਇਤਾ ਸਦਕਾ ਉਸ ਦੀ ਮ੍ਰਿਤਕ ਦੇਹ ਨੂੰ ਉਸਦੇ ਰਿਸ਼ਤੇਦਾਰਾਂ ਅਤੇ ਯਾਰਾਂ-ਦੋਸਤਾਂ ਨੇ ਸੇਜਲ ਅੱਖਾਂ ਨਾਲ ਮੋਢਾ ਦੇ ਕੇ ਅੰਮ੍ਰਿਤਸਰ ਏਅਰਪੋਰਟ ਵਾਸਤੇ ਰਵਾਨਾ ਕੀਤਾ । ਫਰਾਂਸ ਦੀ ਰਾਜਧਾਨੀ ਪੈਰਿਸ ਦੇ ਨੇੜੇ ਪੈਂਦੇ ਜ਼ਿਲਾ ਬੋਬੀਨੀ ਦੇ ਪਿੰਡ ਲਾ-ਕੋਰਨਵ ਦੀ ਪੁਲਸ ਨੇ 7 ਜੂਨ ਨੂੰ 5ਵੀਂ ਮੰਜ਼ਿਲ ਤੋਂ ਹੇਠਾਂ ਡਿੱਗੇ ਇਸ ਪੰਜਾਬੀ ਨੌਜਵਾਨ ਨੂੰ ਹੈਲੀਕਾਪਟਰ ਰਾਹੀਂ ਹਸਪਤਾਲ ਪਹੁੰਚਾਇਆ ਸੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਸੀ। ਵੈਸੇ ਸੰਸਥਾ ਵੱਲੋਂ ਉਲੀਕੇ ਪ੍ਰੋਗਰਾਮ ਮੁਤਾਬਕ ਜ਼ੈਲਦਾਰ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਬੇਗੋਵਾਲ ਬੁੱਧਵਾਰ ਸ਼ਾਮ ਤਕ ਪਹੁੰਚ ਜਾਵੇਗੀ । ਇਸ ਮੌਕੇ ਇਟਲੀ ਅਤੇ ਕਰੀਬੀ ਰਿਸ਼ਤੇਦਾਰ, ਦੋਸਤ-ਮਿੱਤਰ, ਸਾਹਿਤ ਸੰਸਥਾ ਦੇ ਸਮੂਹ ਮੈਂਬਰ ਹਾਜ਼ਰ ਸਨ। ਐਸੋਸੀਏਸ਼ਨ ਔਰਰ ਡਾਨ ਦੇ ਮੋਢੀ ਮੈਂਬਰਾਂ ਕ੍ਰਮਵਾਰ, ਕੁਲਵਿੰਦਰ ਸਿੰਘ ਉਰਫ ਸੋਨੂੰ, ਬਿੱਟੂ ਬੰਗੜ, ਜਸਵੰਤ ਸਿੰਘ ਭਦਾਸ, ਕੁਲਦੀਪ ਸਿੰਘ ਭੂਲਪੁਰ, ਕਾਲਾ ਭੂਲਪੁਰ, ਮਿੰਟੂ, ਬਲਵਿੰਦਰ ਸਿੰਘ ਥਿੰਦ ਉਰਫ ਬਿੰਦਾ, ਸੋਨੂੰ ਜੈਦ ਬੱਸੀ, ਟੋਨੀ ਜੈਦਾਂ ਵਾਲੇ, ਇਕਬਾਲ ਸਿੰਘ ਭੱਟੀ ਅਤੇ ਚੀਮਾ ਬੇਗੋਵਾਲ ਆਦਿ ਨੇ ਜ਼ੈਲਦਾਰ ਦੀ ਅਸਹਿ ਅਤੇ ਬੇਵਕਤੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕ ਦੇ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣ ਨੂੰ ਕਿਹਾ ਹੈ । ਇਥੇ ਇਹ ਵੀ ਜ਼ਿਕਰਯੋਗ ਹੈ ਕਿ ਐਸੋਸੀਏਸ਼ਨ ਔਰਰ-ਡਾਨ ਵੱਲੋਂ 2003 ਤੋਂ ਲੈ ਕੇ ਹੁਣ ਤੱਕ ਭੇਜੀਆਂ ਜਾਣ ਵਾਲੀਆਂ ਮ੍ਰਿਤਕ ਦੇਹਾਂ ਦੇ ਅੰਕੜਿਆਂ ਮੁਤਾਬਿਕ ਫਰਾਂਸ ਤੋਂ ਭੇਜੀ ਜਾਣ ਵਾਲੀ ਇਹ 107ਵੀਂ ਅਤੇ ਪਿੰਡ ਬੇਗੋਵਾਲ ਦੀ 5ਵੀਂ ਮ੍ਰਿਤਕ ਦੇਹ ਹੈ।