ਚੁੱਪ ਰਹਿ ਕੇ ਬਣਾਓ ਸਿਹਤ

10/15/2019 9:35:45 PM

ਲੰਡਨ—'ਇਕ ਚੁੱਪ, ਸੌ ਸੁੱਖ' ਦੀ ਕਹਾਵਤ ਤਾਂ ਤੁਸੀਂ ਆਮ ਹੀ ਸੁਣੀ ਹੋਵੇਗੀ ਤੇ ਹੁਣ ਇਸ ਕਹਾਵਤ ਨੂੰ ਵਿਗਿਆਨਕ ਸਮਰਥਨ ਵੀ ਮਿਲਣ ਲੱਗਾ ਹੈ। ਕੁਝ ਦਿਨ ਪਹਿਲਾਂ ਇਕ ਰਿਸਰਚ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦਿਨ ਦੀ ਸ਼ੁਰੂਆਤ ਕੁਝ ਦੇਰ ਚੁੱਪ ਯਾਨੀ ਮੌਨ ਰਹਿ ਕੇ ਕਰਨੀ ਚਾਹੀਦੀ ਹੈ। ਹਰ ਦਿਨ ਘੱਟੋ-ਘੱਟ 15 ਮਿੰਟ ਮੌਨ ਰਹਿ ਕੇ ਵੀ ਤੁਸੀਂ ਖੁਦ ਨੂੰ ਤੰਦਰੁਸਤ ਰੱਖ ਸਕਦੇ ਹੋ।

ਦਿਮਾਗ 'ਚ ਬਲੱਡ ਪ੍ਰੈਸ਼ਰ ਅਤੇ ਖੂਨ ਦੀ ਰਵਾਨਗੀ 'ਚ ਤਬਦੀਲੀ ਦੇ ਆਧਾਰ 'ਤੇ ਕੀਤੇ ਗਏ ਇਸ ਅਧਿਐਨ 'ਚ ਇਹ ਗੱਲ ਨੋਟ ਕੀਤੀ ਗਈ ਕਿ 2 ਮਿੰਟ ਦੀ ਖਾਮੋਸ਼ੀ ਸੰਗੀਤ ਸੁਣਨ ਤੋਂ ਵੱਧ ਆਰਾਮ ਦੇਣ ਵਾਲੀ ਹੁੰਦੀ ਹੈ। ਹੁਣ ਜਦੋਂ ਖੋਜ 'ਚ ਵੀ ਚੁੱਪ ਰਹਿਣ ਦੀ ਸਿਫਾਰਸ਼ ਕੀਤੀ ਜਾ ਰਹੀ ਹੈ ਤਾਂ ਕਿਉਂ ਨਾ ਅੱਜ ਤੋਂ ਹੀ ਕੁਝ ਮਿੰਟ ਖਾਮੋਸ਼ ਰਹਿਣਾ ਸ਼ੁਰੂ ਕਰ ਦਈਏ।

ਚੁੱਪ ਰਹਿਣ ਨਾਲ ਵੱਧਦੀ ਹੈ ਇਕਾਗਰਤਾ
ਚੁੱਪ ਯਾਨੀ ਖਾਮੋਸ਼ ਰਹਿਣ ਨਾਲ ਸਾਡੀ ਜਾਗਰੂਕਤਾ ਵੱਧਦੀ ਹੈ, ਜੇਕਰ ਤੁਸੀਂ ਵੀ ਆਪਣੀ ਇਕਾਗਰਤਾ ਨੂੰ ਵਧਾਉਣਾ ਚਾਹੁੰਦੇ ਹੋ ਤਾਂ ਵਿਚ-ਵਿਚਾਲੇ ਆਪਣੇ ਮਨ ਨੂੰ ਚੁੱਪ ਕਰਨਾ ਸਿੱਖੋ ਅਤੇ ਤੁਸੀਂ ਆਪਣੇ ਮਨ ਨੂੰ ਚੁੱਪ ਕਰਨਾ ਉਦੋਂ ਹੀ ਸਿੱਖੋਗੇ, ਜਦੋਂ ਤੁਸੀਂ ਦਿਨ 'ਚ ਕੁਝ ਮਿੰਟਾਂ ਲਈ ਚੁੱਪ ਬੈਠੋਗੇ।

ਦਿਮਾਗ ਰਹਿੰਦਾ ਹੈ ਤੰਦਰੁਸਤ
ਸ਼ਾਇਦ ਤੁਹਾਨੂੰ ਯਕੀਨ ਨਾ ਹੋਵੇ ਪਰ ਮਾਹਿਰ ਦੱਸਦੇ ਹਨ ਕਿ ਜੇਕਰ ਤੁਸੀਂ ਕੁਝ ਮਿੰਟਾਂ ਲਈ ਧਿਆਨ 'ਚ ਬੈਠਦੇ ਹੋ ਤਾਂ ਤੁਹਾਡੀ ਸੋਚ-ਸ਼ਕਤੀ ਵਧਦੀ ਹੈ। ਹੈ ਨਾ ਕਮਾਲ! ਜਦ ਅਸੀਂ ਰੋਜ਼ਾਨਾ 15 ਮਿੰਟ ਲਈ ਚੁੱਪਚਾਪ ਬੈਠਦੇ ਹਾਂ ਤਾਂ ਸਾਡੇ ਦਿਮਾਗ ਦੇ ਹਿਪੋਕੈਂਪਸ ਖੇਤਰ 'ਚ ਨਵੀਆਂ ਕੋਸ਼ਿਕਾਵਾਂ ਬਣਦੀਆਂ ਹਨ, ਜੋ ਚੀਜ਼ਾਂ ਨੂੰ ਸਿੱਖਣ ਅਤੇ ਯਾਦ ਰੱਖਣ ਲਈ ਜ਼ਿੰਮੇਵਾਰ ਹੁੰਦੀਆਂ ਹਨ। ਤੁਸੀਂ ਖੁਦ ਵੀ ਮਹਿਸੂਸ ਕੀਤਾ ਹੋਵੇਗਾ ਕਿ ਜਦੋਂ ਤੁਸੀਂ ਟਰੇਨ ਜਾਂ ਬੱਸ 'ਚ ਸਫਰ ਕਰਦੇ ਹੋ ਤਾਂ ਇਸ ਦੌਰਾਨ ਤੁਹਾਡੇ ਦਿਮਾਗ 'ਚ ਨਵੇਂ-ਨਵੇਂ ਆਈਡੀਆ ਆਉਂਦੇ ਰਹਿੰਦੇ ਹਨ ਕਿਉਂਕਿ ਤੁਸੀਂ ਉਸ ਸਮੇਂ ਚੁੱਪ ਰਹਿੰਦੇ ਹੋ।

ਤਣਾਅ ਨੂੰ ਕਰਦਾ ਹੈ ਘੱਟ
ਰੌਲਾ ਚਿੰਤਾ ਦੇ ਪੱਧਰ ਨੂੰ ਵਧਾਉਂਦਾ ਹੈ, ਇਸ ਲਈ ਰੌਲੇ-ਰੱਪੇ ਵਾਲੇ ਕਮਰੇ 'ਚ ਘਬਰਾਹਟ ਹੁੰਦੀ ਹੈ। ਚੁੱਪ ਰਹਿਣ ਨਾਲ ਤਣਾਅ ਦਾ ਪੱਧਰ ਘੱਟ ਕੀਤਾ ਜਾ ਸਕਦਾ ਹੈ। ਕੁਝ ਮਿੰਟ ਦਾ ਧਿਆਨ ਉਨੀਂਦਰਾ ਅਤੇ ਡਿਪ੍ਰੈਸ਼ਨ ਨੂੰ ਠੀਕ ਕਰਦਾ ਹੈ। ਚੁੱਪ ਖੂਨ ਦੇ ਸੰਚਾਰ ਨੂੰ ਨਾਰਮਲ ਬਣਾਉਂਦੀ ਹੈ, ਸਾਹ ਦੀ ਗਤੀ ਨੂੰ ਸ਼ਾਂਤ ਰੱਖਦੀ ਹੈ ਅਤੇ ਤੁਹਾਡੀਆਂ ਇੰਦਰੀਆਂ ਨੂੰ ਆਰਾਮ ਦਿੰਦੀ ਹੈ।


Baljit Singh

Content Editor

Related News