ਵਿਦੇਸ਼ਾਂ ''ਚ ਬੈਠੇ ਸਿੱਖਾਂ ਨੂੰ ਪੰਜਾਬ ਦੀਆਂ ਜ਼ਮੀਨਾਂ ਦਾ ਇਕ ਸਾਲ ਦਾ ਠੇਕਾ ਨਾ ਲੈਣ ਦਾ ਸੱਦਾ

12/18/2020 8:34:07 AM

ਨਿਊਯਾਰਕ, (ਰਾਜ ਗੋਗਨਾ)— ਵਰਲਡ ਸਿੱਖ ਪਾਰਲੀਮੈਂਟ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦੇਸ਼ਾਂ ਵਿਚ ਬੈਠੇ ਸਿੱਖਾਂ ਨੁੰ ਪੰਜਾਬ ਦੀਆਂ ਜ਼ਮੀਨਾਂ ਦਾ ਇਕ ਸਾਲ ਦਾ ਠੇਕਾ ਕਾਸ਼ਤਕਾਰਾਂ ਕੋਲੋਂ ਨਾ ਲੈਣ ਦੀ ਅਪੀਲ ਕੀਤੀ ਹੈ।

ਸਿੱਖ ਕੋਆਰਡੀਨੇਸ਼ਨ ਦੇ ਕੋਆਰਡੀਨੇਟਰ ਹਿੰਮਤ ਸਿੰਘ ਵੱਲੋਂ ਜਾਰੀ ਬਿਆਨ ਵਿਚ ਜਿਨ੍ਹਾਂ 'ਚ ਡਾ.ਪ੍ਰਿਤਪਾਲ ਸਿੰਘ, ਭਾਈ ਜੋਗਾ ਸਿੰਘ ਅਤੇ ਭਾਈ ਹਰਜਿੰਦਰ ਸਿੰਘ ਨੇ ਕਿਹਾ ਕਿ ਇਸ ਵੇਲੇ ਕਿਸਾਨਾਂ ਦੇ ਪਰਿਵਾਰਾਂ ਵਿੱਚੋਂ ਬਜ਼ੁਰਗ ,ਜਵਾਨ, ਮਾਤਾਵਾਂ ,ਭੈਣਾਂ,  ਬੱਚੇ ਆਦਿ ਠੰਢ ਦੇ ਮੌਸਮ ਵਿਚ ਆਪਣੀ ਬੀਮਾਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਦਿੱਲ਼ੀ ਸੰਘਰਸ਼ ਵਿਚ ਡਟੇ ਹੋਏ ਹਨ। ਕਈ ਪਰਿਵਾਰ ਤਾਂ ਘਰਾਂ ਨੂੰ ਜਿੰਦਰੇ ਮਾਰ ਕੇ ਦਿੱਲ਼ੀ ਡੇਰੇ ਲਾਈ ਬੈਠੇ ਹਨ। ਇਹੋ ਜਿਹੇ ਹਾਲਾਤਾਂ ਵਿਚ ਅਸੀਂ ਆਪਣੇ ਕੌਂਮੀ ਫਰਜ਼ ਨੂੰ ਪਹਿਚਾਣਦੇ ਹੋਏ ਅਤੇ ਆਪਣੇ ਗੁਰੂ ਸਾਹਿਬ ਵੱਲੋਂ ਦਿੱਤੀਆਂ ਸਿੱਖਿਆਂਵਾਂ 'ਤੇ ਚੱਲਦਿਆਂ ਆਪਣੇ ਵਿਦੇਸ਼ੀ ਸਿੱਖ ਭਰਾਵਾਂ ਜਿਨ੍ਹਾਂ ਦੀ ਜ਼ਮੀਨਾਂ ਪੰਜਾਬ ਵਿਚ ਠੇਕੇ ’ਤੇ ਹਨ, ਨੂੰ ਅਪੀਲ ਕਰਦੇ ਹਾਂ ਕਿ ਉਹ ਇਕ ਸਾਲ ਦੇ ਠੇਕੇ ਦੀ ਰਕਮ ਸੰਘਰਸ਼ ਦੀ ਅਹਿਮੀਅਤ ਨੂੰ ਧਿਆਨ ਵਿਚ ਰੱਖਦੇ ਹੋਏ ਕਿਸਾਨਾਂ ਕੋਲੋ ਨਾ ਲੈਣ।

ਇਸ ਨਾਲ ਜਿੱਥੇ ਉਨ੍ਹਾਂ ਦਾ ਆਰਥਿਕ ਭਾਰ ਹਲਕਾ ਹੋਵੇਗਾ, ਉਥੇ ਕੌਂਮੀ ਪਿਆਰ ਵਿਚ ਵੀ ਵਾਧਾ ਹੋਵੇਗਾ ਜੋ ਕਿ ਅੱਜ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨੀ ਤੇ ਆਰਥਿਕਤਾ ਨੂੰ ਕਾਰਪੋਰੇਟ ਲੁਟੇਰਿਆਂ ਅਤੇ ਤਾਨਾਸ਼ਾਹੀ ਦਿੱਲੀ ਹਕੁਮਤ ਤੋਂ ਬਚਾਉਣ ਲਈ ਕਿਸਾਨ ਜੱਥੇਬੰਦੀਆਂ ਵੱਲੋਂ ਵਿੱਢਿਆ ਸੰਘਰਸ਼ ਸਹਿਜੇ ਸਹਿਜੇ ਸ਼ਾਂਤਮਈ ਇਨਕਲਾਬੀ ਲਹਿਰ ਦਾ ਰੂਪ ਧਾਰਣ ਕਰਦਾ ਜਾ ਰਿਹਾ ਹੈ। 

ਪੰਜਾਬ ਦੇ ਕਿਸਾਨਾਂ ਨੇ ਬੇਇਨਸਾਫੀ ਦੇ ਖ਼ਿਲਾਫ਼ ਜਿਸ ਦੁਰਅੰਦੇਸ਼ੀ,ਬੁੱਧੀਮਤਾ ਤੇ ‌ਦ੍ਰਿੜ੍ਹਤਾ ਨਾਲ ਸੰਘਰਸ਼ ਦੀ ਅਗਵਾਈ ਕੀਤੀ ਹੈ ਉਸ ਦੇ ਲਈ ਐਨ. ਆਰ. ਆਈ. ਸਿੱਖ ਉਨ੍ਹਾਂ ਨੂੰ ਵਧਾਈ ਦਿੰਦੇ ਹਨ। ਇਨ੍ਹਾਂ ਆਗੂਆਂ ਨੇ ਵਿਦੇਸ਼ੀ ਸਿੱਖਾਂ ਲਈ ਜਾਰੀ ਅਪੀਲ ਵਿਚ ਕਿਹਾ ਕਿ ਅਸੀਂ ਵੱਖ-ਵੱਖ ਮੁਲਕਾਂ ਵਿਚ ਭਾਰਤੀ ਦੂਤਘਰਾਂ ਦੇ ਸਾਹਮਣੇ ਪ੍ਰਦਰਸ਼ਨ ਲਗਾਤਾਰ ਕਰ ਰਹੇ ਹਾਂ। ਕਾਰ ਤੇ ਟਰੱਕ ਰੈਲੀਆਂ ਕਰ ਰਹੇ ਹਾਂ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰ ਰਹੇ ਹਾਂ ਤੇ ਵੱਖ-ਵੱਖ ਮੁਲਕਾਂ ਦੇ ਐੱਮ. ਪੀ. ਨਾਲ ਸੰਪਰਕ ਬਣਾ ਕੇ ਕਿਸਾਨਾਂ ਦੇ ਹੱਕ ਵਿੱਚ ਭਾਰਤ ਸਰਕਾਰ ਕੋਲ ਦਬਾਅ ਪਾ ਰਹੇ ਹਾਂ । ਉਨ੍ਹਾਂ ਆਸ ਜਤਾਈ ਕਿ ਸਾਡੀ ਅਪੀਲ ’ਤੇ ਅਮਲ ਕਰਦਿਆਂ ਕਿਸਾਨ ਭਰਾਵਾਂ ਦਾ ਠੇਕਾ ਇਕ ਸਾਲ ਲਈ ਖ਼ਤਮ ਹੋਵੇਗਾ।

Lalita Mam

This news is Content Editor Lalita Mam