ਸਿੱਖ ਬੱਚੇ ਨੂੰ ਮੈਲਬੌਰਨ ਦੇ ਕ੍ਰਿਸ਼ਚੀਅਨ ਸਕੂਲ ਨੇ ਦਾਖਲਾ ਦੇਣ ਤੋਂ ਕੀਤਾ ਇਨਕਾਰ

07/25/2017 3:12:27 PM

ਮੈਲਬੌਰਨ— (ਜੁਗਿੰਦਰ ਸੰਧੂ)— ਇਥੇ ਰਹਿਣ ਵਾਲੇ ਇਕ ਸਿੱਖ ਪਰਿਵਾਰ ਦੇ 5 ਸਾਲਾ ਬੱਚੇ ਨੂੰ ਮੈਲਟਨ ਕ੍ਰਿਸ਼ਚੀਅਨ ਸਕੂਲ ਮੈਲਬੌਰਨ ਨੇ ਦਾਖਲਾ ਦੇਣ ਤੋਂ ਇਸ ਲਈ ਨਾਂਹ ਕਰ ਦਿੱਤੀ, ਕਿਉਂਕਿ ਉਹ ਸਿਰ 'ਤੇ ਪਟਕਾ ਬੰਨ੍ਹ ਕੇ ਸਕੂਲ ਆਉਣਾ ਚਾਹੁੰਦਾ ਹੈ। ਇਸ ਮਾਮਲੇ ਨੂੰ ਲੈ ਕੇ ਬੱਚੇ ਸਿਦਕ ਸਿੰਘ ਅਰੋੜਾ ਦੇ ਪਿਤਾ ਸਾਗਰਦੀਪ ਸਿੰਘ ਅਰੋੜਾ ਨੂੰ ਲੜਾਈ ਲੜਨੀ ਪੈ ਰਹੀ ਹੈ। ਇਸ ਕੇਸ ਦੀ ਸੁਣਵਾਈ ਹੁਣ ਵਿਕਟੋਰੀਅਨ ਸਿਵਲ ਅਤੇ ਪ੍ਰਸ਼ਾਸਕੀ ਟ੍ਰਿਬਿਊਨਲ ਕਰੇਗਾ। ਸਾਗਰਦੀਪ ਨੇ ਦੱਸਿਆ ਕਿ ਸਕੂਲ ਵਲੋਂ ਸਪੱਸ਼ਟ ਤੌਰ 'ਤੇ ਕਿਹਾ ਗਿਆ ਹੈ ਕਿ ਜੇ ਬੱਚਾ ਕੇਸ ਰੱਖ ਕੇ ਅਤੇ ਸਿਰ 'ਤੇ ਪਟਕਾ ਬੰਨ੍ਹ ਕੇ ਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਦਾਖਲਾ ਨਹੀਂ ਦਿੱਤਾ ਜਾਵੇਗਾ।
ਸਕੂਲ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਕੂਲ ਵਿਚ ਕਿਹੜੀ ਵਰਦੀ ਲਾਗੂ ਕਰਨੀ ਹੈ, ਇਸ ਦਾ ਅਧਿਕਾਰ ਉਨ੍ਹਾਂ ਕੋਲ ਹੈ। ਦੂਜੇ ਪਾਸੇ ਸਾਗਰਦੀਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਆਸਟ੍ਰੇਲੀਆ ਦੀ ਪੁਲਸ ਅਤੇ ਫੌਜ ਵਿਚ ਪਗੜੀਧਾਰੀ ਸਿੱਖ ਸੇਵਾ ਕਰ ਰਹੇ ਹਨ ਤਾਂ ਇਕ ਸਕੂਲ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ। ਇਸ ਸਕੂਲ ਦੇ ਚੰਗੇ ਵੱਕਾਰ ਅਤੇ ਪ੍ਰਸਿੱਧੀ ਕਾਰਨ ਉਹ ਆਪਣੇ ਬੱਚੇ ਨੂੰ ਇੱਥੇ ਪੜ੍ਹਾਉਣਾ ਚਾਹੁੰਦੇ ਹਨ। ਬੱਚੇ ਦੇ ਪਿਤਾ ਨੇ ਕਿਹਾ ਕਿ ਸਕੂਲ ਵਲੋਂ ਦਾਖਲੇ ਤੋਂ ਨਾਂਹ ਕਰ ਕੇ ਬਰਾਬਰ ਦੇ ਮੌਕਿਆਂ ਸੰਬੰਧੀ ਐਕਟ ਦਾ ਉਲੰਘਣ ਕੀਤਾ ਜਾ ਰਿਹਾ ਹੈ। ਇਥੋਂ ਦੀਆਂ ਕਈ ਸੰਸਥਾਵਾਂ ਨੇ ਸਕੂਲ ਦੇ ਰਵੱਈਏ 'ਤੇ ਇਤਰਾਜ਼ ਜ਼ਾਹਰ ਕੀਤਾ ਹੈ।