ਜੰਗਲਾਂ ਵਿਚ ਲੱਗੀ ਅੱਗ ਦੇ ਧੂੰਏ ਨਾਲ ਘੁੱਟ ਰਿਹੈ ਸਿਡਨੀ ਦਾ ਸਾਹ

12/10/2019 9:13:40 PM

ਸਿਡਨੀ- ਜੰਗਲਾਂ ਵਿਚ ਲੱਗੀ ਅੱਗ ਦੇ ਧੂੰਏ ਨਾਲ ਆਸਟਰੇਲੀਆਈ ਸ਼ਹਿਰ ਸਿਡਨੀ ਦਾ ਦੰਮ ਘੁੱਟਣ ਲੱਗਿਆ ਹੈ। ਮੰਗਲਵਾਰ ਨੂੰ ਸਿਡਨੀ ਦੇ ਕੁਝ ਸਥਾਨਾਂ 'ਤੇ ਹਵਾ ਪ੍ਰਦੂਸ਼ਣ ਖਤਰੇ ਦੇ ਪੱਧਰ ਤੋਂ 11 ਗੁਣਾ ਜ਼ਿਆਦਾ ਦਰਜ ਕੀਤਾ ਗਿਆ ਹੈ। ਸ਼ਹਿਰ ਦੇ ਕੁਝ ਹਿੱਸਿਆਂ ਵਿਚ ਆਵਾਜਾਈ ਰੋਕ ਦਿੱਤੀ ਗਈ ਹੈ। ਸਥਾਨਕ ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਹੀ ਸਾਹ ਦੇ ਮਰੀਜ਼ਾਂ ਨੂੰ ਖਾਸ ਸਲਾਹ ਦਿੱਤੀ ਗਈ ਹੈ।

ਨਿਊ ਸਾਊਥ ਵੇਸਲ ਵਿਚ ਐਂਬੂਲੈਂਸ ਸੇਵਾ ਦੇ ਮੁਖੀ ਬ੍ਰੇਂਟ ਆਰਮਿਟੇਜ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਲੋਕ ਸਾਹ ਸਬੰਧੀ ਸ਼ਿਕਾਇਤਾਂ ਦੇ ਕਾਰਨ ਸਹਾਇਤਾ ਮੰਗ ਰਹੇ ਹਨ। ਸਿਡਨੀ ਰੇਲਵੇ ਪਹਿਲਾਂ ਹੀ ਚਿਤਾਵਨੀ ਦੇ ਚੁੱਕਾ ਹੈ ਕਿ ਸੰਘਣੇ ਧੂੰਏ ਦੇ ਕਾਰਨ ਸਟੇਸ਼ਨਾਂ 'ਤੇ ਖਰਾਬ ਸਥਿਤੀ ਪੈਦਾ ਹੋ ਗਈ ਹੈ। ਯੂਨੀਅਨ ਨੇਤਾ ਥਾਮਸ ਕੋਸਟਾ ਨੇ ਕਿਹਾ ਕਿ ਅਜਿਹੀ ਹਾਲਤ ਵਿਚ ਮਜ਼ਦੂਰਾਂ ਨੂੰ ਕੰਮ ਕਰਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਸ਼ਹਿਰ ਵਿਚ ਹਵਾ ਬਹੁਤ ਹੀ ਜ਼ਹਿਰੀਲੀ ਹੈ। ਉੱਤਰ ਤੋਂ ਆਉਣ ਵਾਲੀ ਹਵਾ ਦੇ ਕਾਰਨ ਧੂੰਆ ਤੇਜ਼ੀ ਨਾਲ ਸ਼ਹਿਰ ਵਿਚ ਆ ਰਿਹਾ ਹੈ। ਉੱਤਰੀ ਨਿਊ ਸਾਊਥ ਵੇਲਸ ਦੇ ਜੰਗਲਾਂ ਵਿਚ ਪਿਛਲੇ ਮਹੀਨੇ 50 ਤੋਂ ਜ਼ਿਆਦਾ ਥਾਵਾਂ 'ਤੇ ਅੱਗ ਲੱਗੀ ਸੀ।

ਇਧਰ ਪ੍ਰ੍ਧਾਨ ਮੰਤਰੀ ਸਕਾਟ ਮੋਰੀਸਨ ਦੇ ਹਵਾਲੇ ਨਾਲ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਅੱਗ ਬੁਝਾਉਣ ਦੇ ਕੰਮ ਵਿਚ ਫੌਜ ਲੱਗੀ ਹੋਈ ਹੈ ਪਰ ਲੋੜੀਂਦੀ ਸਫਲਤਾ ਨਹੀਂ ਮਿਲ ਸਕੀ ਹੈ। ਬੀਬੀਸੀ ਦੀ ਰਿਪੋਰਟ ਮੁਤਾਬਕ ਤੇਜ਼ ਹਵਾ ਤੇ 35 ਡਿਗਰੀ ਸੈਲਸੀਅਸ ਤਾਪਮਾਨ ਨੇ ਅੱਗ ਨੂੰ ਹੋਰ ਭੜਕਾਉਣ ਦਾ ਕੰਮ ਕੀਤਾ ਹੈ, ਜਿਹਨਾਂ ਇਲਾਕਿਆਂ ਵਿਚ ਇਹ ਅੱਗ ਲੱਗੀ ਹੋਈ ਹੈ। ਉਹਨਾਂ ਵਿਚ ਕਈ ਥਾਵਾਂ ਸੋਕਾ ਪ੍ਰਭਾਵਿਤ ਹਨ। ਅੱਗ ਲੱਗਣ ਦੀ ਇਸ ਘਟਨਾ ਵਿਚ ਸੈਂਕੜੇ ਪਸੂਆਂ ਦੇ ਮਾਰੇ ਜਾਣ ਦਾ ਵੀ ਖਦਸ਼ਾ ਹੈ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਦੇ ਕਾਰਨ ਆਸਟਰੇਲੀਆ ਵਿਚ ਅੱਗ ਦਾ ਮੌਸਮ ਲੰਬਾ ਖਿੱਚ ਰਿਹਾ ਹੈ। ਇੰਨਾ ਹੀ ਨਹੀਂ ਇਹ ਪਹਿਲਾਂ ਤੋਂ ਹੀ ਜ਼ਿਆਦਾ ਜੋਖਿਮ ਵਾਲਾ ਹੈ। ਬੀਬੀਸੀ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਜਲਵਾਯੂ ਪਰਿਵਰਤਨ ਨਾਲ ਜ਼ਿਆਦਾ ਗਰਮੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਇਸ ਨਾਲ ਸੋਕੇ ਜਿਹੀਆਂ ਹੋਰ ਕੁਦਰਤੀ ਆਪਦਾਵਾਂ ਦਾ ਜੋਖਿਮ ਵੀ ਵਧਿਆ ਹੈ।

Baljit Singh

This news is Content Editor Baljit Singh