ਸਿਡਨੀ ''ਚ ਸ਼ਾਪਿੰਗ ਸੈਂਟਰ ਦੇ ਬਾਹਰ ਲੋਕਾਂ ''ਚ ਪਈਆਂ ਭਾਜੜਾਂ, ਨੌਜਵਾਨ ''ਤੇ ਹੋਇਆ ਚਾਕੂ ਨਾਲ ਹਮਲਾ

11/02/2017 1:34:36 PM

ਸਿਡਨੀ (ਬਿਊਰੋ)— ਪੱਛਮੀ ਸਿਡਨੀ 'ਚ ਸਥਿਤ ਬਲੈਕ ਟਾਊਨ ਵੈਸਟ ਪੁਆਇੰਟ ਸ਼ਾਪਿੰਗ ਸੈਂਟਰ ਦੇ ਬਾਹਰ ਇਕ ਸਿਰਫਿਰੇ ਵਿਅਕਤੀ ਵਲੋਂ ਚਾਕੂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ 'ਚ ਇਕ 17 ਸਾਲਾ ਨੌਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਹ ਘਟਨਾ ਦੁਪਹਿਰ ਦੇ ਸਮੇਂ ਵਾਪਰੀ, ਸਿਰਫਿਰੇ ਨੇ ਨੌਜਵਾਨ ਦੀ ਛਾਤੀ 'ਚ ਚਾਕੂ ਨਾਲ ਵਾਰ ਕੀਤਾ। ਗੰਭੀਰ ਰੂਪ ਨਾਲ ਜ਼ਖਮੀ ਨੌਜਵਾਨ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ।
ਇਸ ਘਟਨਾ ਨੂੰ ਜ਼ਕੀ ਮਲਾਹ ਨਾਂ ਦੇ ਨੌਜਵਾਨ ਨੇ ਕੈਮਰੇ 'ਚ ਕੈਦ ਕੀਤਾ ਅਤੇ ਸਨੈਪਚੈਟ 'ਤੇ ਇਸ ਨੂੰ ਪੋਸਟ ਕੀਤਾ। ਵੀਡੀਓ ਵਿਚ ਇਕ ਵਿਅਕਤੀ ਹੱਥ ਵਿਚ ਚਾਕੂ ਫੜਿਆ ਹੋਇਆ ਦਿਖਾਈ ਦੇ ਰਿਹਾ ਹੈ। ਜ਼ਕੀ ਨੇ ਕਿਹਾ ਕਿ ਮੈਂ ਦੇਖਿਆ ਕਿ ਚਾਕੂ ਪੂਰੀ ਤਰ੍ਹਾਂ ਖੂਨ ਨਾਲ ਰੰਗਿਆ ਹੋਇਆ ਸੀ। ਉਹ ਚੀਕ ਰਿਹਾ ਸੀ ਅਤੇ ਰੌਲਾ ਪਾ ਰਿਹਾ ਸੀ। ਕਿਸੇ ਨੂੰ ਇਹ ਨਹੀਂ ਪਤਾ ਲੱਗਾ ਕਿ ਉਸ ਨੇ ਅਜਿਹਾ ਕਿਉਂ ਕੀਤਾ। 


ਇਕ ਹੋਰ ਚਸ਼ਮਦੀਦ ਗਵਾਹ ਨੇ ਕਿਹਾ ਕਿ ਮੈਂ ਦੇਖਿਆ ਕਿ ਦੋ ਨੌਜਵਾਨ ਲੜ ਰਹੇ ਸਨ ਅਤੇ ਇਕ ਨੇ ਚਾਕੂ ਕੱਢਿਆ ਅਤੇ ਦੂਜੇ 'ਤੇ ਹਮਲਾ ਕਰ ਦਿੱਤਾ। ਚਾਕੂ ਲੱਗਦੇ ਹੀ ਨੌਜਵਾਨ ਲਹੂ-ਲੁਹਾਨ ਹੋ ਗਿਆ ਅਤੇ ਉਸ ਨੂੰ ਤੁਰੰਤ ਹਸਪਤਾਲ ਭਰਤੀ ਕਰਾਇਆ ਗਿਆ। ਪੁਲਸ ਨੇ ਕੁਝ ਸਮੇਂ ਬਾਅਦ 17 ਸਾਲਾ ਨੌਜਵਾਨ ਨੂੰ ਬਲੈਕ ਟਾਊਨ ਸਥਿਤ ਘਰ 'ਚੋਂ ਗ੍ਰਿਫਤਾਰ ਕਰ ਲਿਆ। ਉਸ ਨੂੰ ਬਲੈਕ ਟਾਊਨ ਪੁਲਸ ਸਟੇਸ਼ਨ ਲਿਜਾਇਆ ਗਿਆ ਅਤੇ ਪੁੱਛ-ਗਿੱਛ ਕੀਤੀ ਜਾ ਰਹੀ ਹੈ।