ਸ਼ੇਰੀਨ ਨੂੰ ਗੋਦ ਲੈਣ ਵਾਲੀ ਭਾਰਤੀ ਅਮਰੀਕੀ ਮਾਂ ਨੇ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਕੀਤਾ ਇਨਕਾਰ

10/26/2017 12:01:30 PM

ਹਿਊਸਟਨ (ਭਾਸ਼ਾ)— 3 ਸਾਲ ਦੀ ਭਾਰਤੀ ਬੱਚੀ ਸ਼ੇਰੀਨ ਮੈਥਿਊਜ ਨੂੰ ਗੋਦ ਲੈਣ ਵਾਲੀ ਮਾਂ ਸਿਨੀ ਮੈਥਿਊਜ ਨੇ ਆਪਣੀ ਧੀ ਦੀ ਮੌਤ ਵਿਚ ਕਿਸੇ ਵੀ ਪ੍ਰਕਾਰ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਬੱਚੀ ਦੀ ਲਾਸ਼ ਡਲਾਸ ਵਿਚ ਸਿਨੀ ਦੇ ਘਰ ਨਜ਼ਦੀਕ ਇਕ ਸੜਕ ਦੇ ਹੇਠਾਂ ਬਣੀ ਸੁਰੰਗ 'ਚੋਂ ਐਤਵਾਰ ਨੂੰ ਮਿਲੀ ਸੀ। ਸਿਨੀ ਦੇ ਵਕੀਲਾਂ ਮਿਸ਼ੇਲ ਨੋਲਟੇ ਅਤੇ ਗਰੇਗ ਗਿਬਸ ਨੇ ਬੁੱਧਵਾਰ ਨੂੰ ਪ੍ਰਕਾਸ਼ਿਤ ਬਿਆਨ ਵਿਚ ਕਿਹਾ ਕਿ ਸਿਨੀ ਨੇ ਸ਼ੇਰੀਨ ਦੀ ਮੌਤ ਵਿਚ ਕਿਸੇ ਵੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਵਕੀਲਾਂ ਨੇ ਇਕ ਬਿਆਨ ਵਿਚ ਕਿਹਾ ਕਿ ਸਿਨੀ ਨੇ ਰਿਚਰਡਸਨ ਪੁਲਸ ਦੀ 7 ਅਕਤੂਬਰ ਨੂੰ ਸ਼ੇਰੀਨ ਦੀ ਮੌਤ ਸਬੰਧੀ ਜਾਂਚ ਵਿਚ ਸਹਿਯੋਗ ਕੀਤਾ। ਕੁੱਝ ਦਿਨਾਂ ਬਾਅਦ ਉਨ੍ਹਾਂ ਨੂੰ ''ਕਈ ਅਧਿਕਾਰੀਆਂ ਨੇ ਕਿਸੇ ਵਕੀਲ ਦੀ ਹਾਜ਼ਰੀ ਦੇ ਬਿਨਾਂ ਘੰਟਿਆਂ ਤੱਕ ਪੁੱਛਗਿਛ ਕੀਤੀ'। ਇਨ੍ਹਾਂ ਬਿਆਨਾਂ ਵਿਚ ਕਿਹਾ ਗਿਆ ਹੈ,''ਹੁਣ ਜਦੋਂ ਵੇਸਲੇ ਮੈਥਿਊਜ ਪੁਲਸ ਦੇ ਸਾਹਮਣੇ ਪੇਸ਼ ਹੋ ਗਿਆ ਹੈ ਅਤੇ ਉਸ ਨੇ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਸ਼ੇਰੀਨ ਨਾਲ ਕੀ ਹੋਇਆ, ਅਜਿਹੇ ਵਿਚ, ਸਾਨੂੰ ਇਸ ਗੱਲ ਦੀ ਕੋਈ ਜ਼ਰੂਰਤ ਨਜ਼ਰ ਨਹੀਂ ਆਉਂਦੀ ਕਿ ਸਿਨੀ ਤੋਂ ਪੁਲਸ ਹੋਰ ਪੁੱਛਗਿਛ ਕਰੇ। ਉਸ ਦਾ ਸ਼ੇਰੀਨ ਦੀ ਮੌਤ ਜਾਂ ਉਸ ਦੀ ਲਾਸ਼ ਨੂੰ ਘਰੋਂ ਕੱਢਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ।'' ਵਕੀਲਾਂ ਨੇ ਲਿਖਿਆ ਕਿ ਸਿਨੀ ਆਪਣੀ ਧੀ ਦੀ ਮੌਤ ਤੋਂ ਦੁਖੀ ਹੈ। ''ਉਹ ਆਪਣੀ ਬਿਖਰੀ ਜਿੰਦਗੀ ਨੂੰ ਵਿਵਸਥਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।'' ਟੈਕਸਾਸ ਵਿਚ ਫੈਮਿਲੀ ਐਂਡ ਪ੍ਰੋਟੈਕਟਿਵ ਸਰਵੀਸਜ਼ ਵਿਭਾਗ ਦੇ ਬੁਲਾਰੇ ਨੇ ਪੁਸ਼ਟੀ ਕੀਤੀ, ਕਿ ਮੈਥਿਊਜ ਦੀ 4 ਸਾਲਾ ਵੱਡੀ ਧੀ ਫੋਸਟਰ ਕੇਅਰ ਵਿਚ ਹੀ ਹੈ। ਰਿਚਰਡਸਨ ਪੁਲਸ ਨੇ ਇਸ ਬਿਆਨ ਉੱਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਵੇਸਲੇ ਮੈਥਿਊਜ ਨੇ ਪੁਲਸ ਨੂੰ ਪਹਿਲਾਂ ਦੱਸਿਆ ਸੀ ਕਿ ਉਸ ਨੇ ਬੱਚੀ ਨੂੰ 7 ਅਕਤੂਬਰ ਨੂੰ ਦੇਰ ਰਾਤ 3 ਵਜੇ ਘਰ ਦੇ ਬਾਹਰ ਇਕ ਦਰਖਤ ਨਜ਼ਦੀਕ ਖੜ੍ਹੇ ਹੋਣ ਦੀ ਸਜ਼ਾ ਦਿੱਤੀ ਸੀ, ਕਿਉਂਕਿ ਉਹ ਦੁੱਧ ਨਹੀਂ ਪੀ ਰਹੀ ਸੀ। ਇਸ ਤੋਂ ਬਾਅਦ ਸ਼ੇਰੀਨ ਲਾਪਤਾ ਹੋ ਗਈ ਸੀ। ਬਾਅਦ ਵਿਚ ਉਸ ਦੀ ਲਾਸ਼ ਮਿਲ ਜਾਣ ਤੋਂ ਬਾਅਦ ਵੇਸਲੇ ਨੇ ਆਪਣਾ ਬਿਆਨ ਬਦਲਦੇ ਹੋਏ ਕਿਹਾ ਕਿ ਉਹ ਬੱਚੀ ਨੂੰ ਦੁੱਧ ਪਿਲਾਅ ਰਿਹਾ ਸੀ ਅਤੇ ਇਸ ਦੌਰਾਨ ਗਲੇ ਵਿਚ ਦੁੱਧ ਰੁਕਨ ਕਾਰਨ ਸ਼ੇਰੀਨ ਦੀ ਸਾਹ ਘੁੱਟਣ ਕਾਰਨ ਮੌਤ ਹੋ ਗਈ।