ਸ਼ੇਰੀਨ ਨੂੰ ਨਹੀਂ ਸੀ ਖਾਣ ਸਬੰਧੀ ਕੋਈ ਸਮੱਸਿਆ: ਭਾਰਤੀ ਯਤੀਮਖ਼ਾਨਾ ਦੀ ਸੰਚਾਲਕ

Thursday, Oct 26, 2017 - 10:01 AM (IST)

ਡਲਾਸ(ਬਿਊਰੋ)— ਅਮਰੀਕਾ ਦੇ ਇਕ ਭਾਰਤੀ ਪਤੀ-ਪਤਨੀ ਨੂੰ 3 ਸਾਲ ਦੀ ਸ਼ੇਰੀਨ ਮੈਥਿਊਜ (ਬੱਚੀ ਦਾ ਨਾਂ) ਗੋਦ ਦੇਣ ਵਾਲੇ ਭਾਰਤ ਦੇ ਯਤੀਮਖ਼ਾਨੇ ਦੀ ਸੰਚਾਲਕ ਨੇ ਕਿਹਾ ਹੈ ਕਿ ਸ਼ੇਰੀਨ ਨੂੰ ਖਾਣ ਸਬੰਧੀ ਕੋਈ ਸਮੱਸਿਆ ਨਹੀਂ ਸੀ। ਇਹ ਯਤੀਮਖ਼ਾਨਾ ਹੁਣ ਬੰਦ ਹੋ ਚੁੱਕਾ ਹੈ। ਸ਼ੇਰੀਨ ਦੀ ਲਾਸ਼ ਡਲਾਸ ਵਿਚ ਉਸ ਦੇ ਮਾਤਾ ਪਿਤਾ ਦੇ ਘਰ ਤੋਂ ਕਰੀਬ ਅੱਧਾ ਮੀਲ ਦੀ ਦੂਰੀ ਉੱਤੇ ਇਕ ਸੜਕ ਦੇ ਹੇਠਾਂ ਸੁਰੰਗ ਤੋਂ ਐਤਵਾਰ ਨੂੰ ਮਿਲੀ ਸੀ। ਪੁਲਸ ਅਤੇ ਸਵੈ-ਸੇਵਕ 7 ਅਕਤੂਬਰ ਤੋਂ ਬੱਚੀ ਦੀ ਭਾਲ ਕਰ ਰਹੇ ਸਨ। ਜਾਂਚ ਕਰਤਾਵਾਂ ਨੇ ਦੱਸਿਆ ਹੈ ਕਿ ਉਸ ਦੇ ਪਿਤਾ ਵੇਸਲੇ ਮੈਥਿਊਜ ਨੇ ਸ਼ੁਰੂਆਤ ਵਿਚ ਉਨ੍ਹਾਂ ਨੂੰ ਦੱਸਿਆ ਸੀ ਕਿ ਉਸ ਨੇ ਬੱਚੀ ਨੂੰ 7 ਅਕਤੂਬਰ ਨੂੰ ਦੇਰ ਰਾਤ 3 ਵਜੇ ਘਰ ਦੇ ਬਾਹਰ ਇਕ ਦਰਖਤ ਦੇ ਨਜ਼ਦੀਕ ਖੜ੍ਹੇ ਹੋਣ ਦੀ ਸਜ਼ਾ ਦਿੱਤੀ ਸੀ, ਕਿਉਂਕਿ ਉਹ ਦੁੱਧ ਨਹੀਂ ਪੀ ਰਹੀ ਸੀ। ਉਸ ਨੇ ਕਿਹਾ ਸੀ ਕਿ ਉਹ 15 ਮਿੰਟ ਬਾਅਦ ਉਸ ਨੂੰ ਦੇਖਣ ਗਿਆ ਸੀ। ਇਸ ਦੇ ਨਾਲ ਹੀ ਮੈਥਿਊਜ ਨੇ ਪੁਲਸ ਨੂੰ ਦੱਸਿਆ ਸੀ ਕਿ ਬੱਚੀ ਨੂੰ ਜਦੋਂ ਗੋਦ ਲਿਆ ਗਿਆ ਸੀ, ਉਸ ਸਮੇਂ ਉਹ ਕੁਪੋਸ਼ਿਤ ਸੀ ਅਤੇ ਉਹ ਜਦੋਂ ਵੀ ਜਾਗਦੀ ਸੀ, ਉਸ ਭੋਜਨ ਦੇਣਾ ਪੈਂਦਾ ਸੀ ਸੀ ਤਾਂਕਿ ਉਸ ਦਾ ਭਾਰ ਵੱਧ ਸਕੇ। ਇਸ ਦੌਰਾਨ ਯਤੀਮਖ਼ਾਨੇ ਦੀ ਸੰਚਾਲਕ ਬਬੀਤਾ ਕੁਮਾਰੀ ਨੇ ਇਕ ਟੈਲੀਵਿਜਨ ਸਟੇਸ਼ਨ ਨੂੰ ਦੱਸਿਆ ਕਿ ਬੱਚੀ ਨੂੰ ਕੋਈ ਸਮੱਸਿਆ ਨਹੀਂ ਸੀ ਅਤੇ ਬੱਚੀ ਨੂੰ ਗੋਦ ਲੈਣ ਦੀ ਪ੍ਰਕਿਰਿਆ ਦੌਰਾਨ ਵੇਸਲੇ ਅਤੇ ਸਿਨੀ ਮੈਥਿਊਜ ਬਹੁਤ ਪਿਆਰ ਕਰਨ ਵਾਲੇ ਮਾਤਾ ਪਿਤਾ ਪ੍ਰਤੀਤ ਹੋ ਰਹੇ ਸਨ। ਬਬੀਤਾ ਨੇ ਕਿਹਾ,''ਬੱਚੀ ਜਦੋਂ ਇੱਥੇ ਸੀ, ਉਸ ਸਮੇਂ ਉਸ ਨੂੰ ਨਾ ਤਾਂ ਦੁੱਧ ਪੀਣ ਵਿਚ ਅਤੇ ਨਾ ਹੀ ਖਾਣ ਵਿਚ ਕੋਈ ਸਮੱਸਿਆ ਸੀ।'' ਬੱਚਿਆਂ ਨੂੰ ਗੋਦ ਦੇਣ ਵਿਚ ਮਦਦ ਕਰਨ ਵਾਲੀ ਕੌਮਾਂਤਰੀ ਏਜੰਸੀ ਨੂੰ ਜਦੋਂ ਬੁੱਧਵਾਰ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਸ ਏਜੰਸੀ ਨੇ ਸ਼ੇਰੀਨ ਨੂੰ ਗੋਦ ਲੈਣ ਵਿਚ ਪਤੀ-ਪਤਨੀ ਦੀ ਮਦਦ ਕੀਤੀ ਸੀ। ਵੇਸਲੇ ਮੈਥਿਊਜ ਖਿਲਾਫ ਪਹਿਲਾਂ ਬੱਚੀ ਦੇ ਜੀਵਨ ਨੂੰ ਖਤਰੇ ਵਿਚ ਪਾਉਣ ਜਾਂ ਉਸ ਨੂੰ ਛੱਡਣ ਦੇ ਇਲਜ਼ਾਮ ਲਗਾਏ ਗਏ ਸਨ। ਉਨ੍ਹਾਂ ਸੋਮਵਾਰ ਨੂੰ ਪੁਲਸ ਸਾਹਮਣੇ ਆਪਣਾ ਬਿਆਨ ਬਦਲਦੇ ਹੋਏ ਕਿਹਾ ਕਿ ਬੱਚੀ ਦੁੱਧ ਪੀ ਰਹੀ ਸੀ ਅਤੇ ਇਸ ਦੌਰਾਨ ਗਲੇ ਵਿਚ ਦੁੱਧ ਰੁਕਨ ਕਾਰਨ ਉਸ ਦਾ ਸਾਹ ਘੁੱਟ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਵੇਸਲੇ ਮੈਥਿਊਜ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਉਸ ਖਿਲਾਫ ਬੱਚੀ ਨੂੰ ਨੁਕਸਾਨ ਪਹੁੰਚਾਉਣ ਦੇ ਇਲਜ਼ਾਮ ਲਗਾਏ ਗਏ, ਜਿਨ੍ਹਾਂ ਦੇ ਸਾਬਤ ਹੋਣ ਉੱਤੇ ਉਸ ਨੂੰ ਉਮਰ ਕੈਦ ਤੱਕ ਦੀ ਸਜ਼ਾ ਵੀ ਹੋ ਸਕਦੀ ਹੈ।


Related News