ਸ਼ਹਿਬਾਜ਼ ਸ਼ਰੀਫ ਦਾ ਵੱਡਾ ਬਿਆਨ, ਕਿਹਾ-ਭਾਰਤ ਨਾਲ ਸਾਰੇ ਪੈਂਡਿੰਗ ਮੁੱਦਿਆਂ ’ਤੇ ਗੱਲਬਾਤ ਲਈ ਤਿਆਰ

08/02/2023 10:16:00 AM

ਇਸਲਾਮਾਬਾਦ (ਏ. ਐੱਨ. ਆਈ.)– ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸ਼ਹਿਬਾਜ਼ ਨੇ ਮੰਗਲਵਾਰ ਨੂੰ ਸਾਰੇ ਗੰਭੀਰ ਅਤੇ ਪੈਂਡਿੰਗ ਮੁੱਦਿਆਂ ਦੇ ਹੱਲ ਲਈ ਭਾਰਤ ਨਾਲ ਗੱਲਬਾਤ ਕਰਨ ਦੀ ਪੇਸ਼ਕਸ਼ ਕੀਤੀ ਅਤੇ ਕਿਹਾ ਕਿ ਦੋਵਾਂ ਦੇਸ਼ਾਂ ਲਈ ਜੰਗ ਕੋਈ ਬਦਲ ਨਹੀਂ ਹੈ ਕਿਉਂਕਿ ਦੋਵੇਂ ਦੇਸ਼ ਗਰੀਬੀ ਅਤੇ ਬੇਰੋਜ਼ਗਾਰੀ ਨਾਲ ਲੜ ਰਹੇ ਹਨ। ਸ਼ਰੀਫ ਨੇ ਇਥੇ ਪਾਕਿਸਤਾਨ ਖਣਿਜ ਸਿਖਰ ਸੰਮੇਲਨ ਦੇ ਉਦਘਾਟਨ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਟਿੱਪਣੀ ਕੀਤੀ।

ਡਸਟ ਟੂ ਡਿਵੈਲਪਮੈਂਟ ਦੇ ਨਾਅਰੇ ਤਹਿਤ ਆਯੋਜਿਤ ਇਸ ਬੈਠਕ ਦਾ ਉਦੇਸ਼ ਨਕਦੀ ਸੰਕਟ ਨਾਲ ਜੂਝ ਰਹੇ ਦੇਸ਼ ਵਿਚ ਵਿਦੇਸ਼ੀ ਨਿਵੇਸ਼ ਲਿਆਉਣਾ ਹੈ। ਪ੍ਰਧਾਨ ਮੰਤਰੀ ਨੇ ਸਪੱਸ਼ਟ ਤੌਰ ’ਤੇ ਭਾਰਤ ਦੇ ਸੰਦਰਭ ਵਿਚ ਕਿਹਾ ਕਿ ਅਸੀਂ ਹਰ ਕਿਸੇ ਨਾਲ ਗੱਲ ਕਰਨ ਲਈ ਤਿਆਰ ਹਾਂ, ਇਥੋਂ ਤੱਕ ਕਿ ਆਪਣੇ ਗੁਆਂਢੀ ਨਾਲ ਵੀ ਬਸ਼ਰਤੇ ਗੁਆਂਢੀ ਗੰਭੀਰ ਮੁੱਦਿਆਂ ’ਤੇ ਗੱਲ ਕਰਨ ਲਈ ਗੰਭੀਰ ਹੋਵੇ। ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ ਪਾਕਿਸਤਾਨ ਅਤੇ ਭਾਰਤ ਦਰਮਿਆਨ ਜੰਗ ਦੇ ਇਤਿਹਾਸ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੀ ਰਾਏ ਵਿਚ ਜੰਗ ਦੇ ਨਤੀਜੇ ਵਜੋਂ ਗਰੀਬੀ, ਬੇਰੋਜ਼ਗਾਰੀ ਅਤੇ ਲੋਕਾਂ ਦੀ ਸਿੱਖਿਆ ਸਿਹਤ ਅਤੇ ਭਲਾਈ ਲਈ ਸੋਮਿਆਂ ਦੀ ਕਮੀ ਹੋਈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਪ੍ਰਮਾਣੂ ਸਮਰੱਥਾ ਰੱਖਿਆਤਮਕ ਉਦੇਸ਼ਾਂ ਲਈ ਹੈ ਨਾ ਕਿ ਹਮਲੇ ਲਈ। 

ਪੜ੍ਹੋ ਇਹ ਅਹਿਮ ਖ਼ਬਰ-ਸ਼ਰਮਨਾਕ! 'ਹਿੰਦੀ' 'ਚ ਗੱਲ ਕਰਨ 'ਤੇ ਭਾਰਤੀ ਅਮਰੀਕੀ ਇੰਜੀਨੀਅਰ ਨੂੰ ਨੌਕਰੀ ਤੋਂ ਕੱਢਿਆ

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕੋਈ ਪ੍ਰਮਾਣੂ ਧਮਾਕਾ ਹੋਇਆ ਤਾਂ ਇਹ ਦੱਸਣ ਲਈ ਕੌਣ ਜ਼ਿੰਦਾ ਰਹੇਗਾ ਕਿ ਕੀ ਹੋਇਆ ਇਸ ਲਈ ਜੰਗ ਕੋਈ ਬਦਲ ਨਹੀਂ ਹੈ। ਸ਼ਰੀਫ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਪਾਕਿਸਤਾਨ ਪ੍ਰਮਾਣੂ ਸੰਘਰਸ਼ ਦੇ ਮਾੜੇ ਨਤੀਜੇ ਤੋਂ ਚੰਗੀ ਤਰ੍ਹਾਂ ਵਾਕਿਫ ਹੈ ਪਰ ਭਾਰਤ ਨੂੰ ਵੀ ਇਸ ਦਾ ਅਹਿਸਾਸ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਤੱਕ ਅਣਸੁਲਝੇ ਮੁੱਦਿਆਂ ਦਾ ਹੱਲ ਕਰ ਕੇ ਅਸਮਾਨਤਾਵਾਂ ਨੂੰ ਦੂਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਸੰਬੰਧ ਆਮ ਨਹੀਂ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

Vandana

This news is Content Editor Vandana