ਪਾਕਿਸਤਾਨ ਦੇ ਇਸ ਮੰਦਰ 'ਚ 72 ਸਾਲ ਬਾਅਦ ਮਨਾਈ ਗਈ ਦੀਵਾਲੀ

10/29/2019 9:03:32 AM

ਲਾਹੌਰ— ਪਾਕਿਸਤਾਨ ਸਰਕਾਰ ਨੇ ਸਿਆਲਕੋਟ ਵਿਚ ਸਦੀਆਂ ਪੁਰਾਣੇ ਸ਼ਵਾਲਾ ਤੇਜਾ ਸਿੰਘ ਮੰਦਰ ਦੀ ਮੁਰੰਮਤ ਕਰਵਾਈ ਹੈ ਅਤੇ ਪਾਕਿਸਤਾਨੀ ਮੀਡੀਆ ਮੁਤਾਬਕ ਇੱਥੇ 72 ਸਾਲ ਬਾਅਦ ਸ਼ਰਧਾਲੂਆਂ ਨੇ ਦੀਵਾਲੀ ਮਨਾਈ। ਪਾਕਿਸਤਾਨੀ ਮੀਡੀਆ 'ਚ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਮੰਦਰ 'ਚ ਦੀਵਾਲੀ ਮਨਾਉਣ ਲਈ ਸ਼ਹਿਰ ਦੇ ਹਿੰਦੂ ਭਾਈਚਾਰੇ ਨੇ ਖਾਸ ਪ੍ਰਬੰਧ ਕੀਤੇ ਸਨ। ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਪ੍ਰਬੰਧ ਕੀਤਾ ਗਿਆ ਅਤੇ ਮੰਦਰ ਨੂੰ ਸਜਾਇਆ ਗਿਆ।

ਇਹ ਮੰਦਰ 1947 ਦੀ ਵੰਡ ਮਗਰੋਂ ਬੰਦ ਸੀ। ਮੰਦਰ ਨੂੰ ਅਧਿਕਾਰਕ ਤੌਰ 'ਤੇ ਪਾਕਿਸਤਾਨ ਹਿੰਦੂ ਪ੍ਰੀਸ਼ਦ ਨੂੰ ਸੌਂਪ ਦਿੱਤਾ ਹੈ ਤਾਂਕਿ ਸ਼ਰਧਾਲੂ ਦਰਸ਼ਨ ਪੂਜਾ ਕਰ ਸਕਣ। 'ਦਿ ਇਵੈਕੁਈ ਟਰੱਸਟ ਪ੍ਰਾਪਰਟੀ ਪ੍ਰੀਸ਼ਦ ਬੋਰਡ' (ਈ. ਟੀ. ਪੀ. ਬੀ.) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਕਿਹਾ ਕਿ ਈ. ਟੀ. ਪੀ. ਬੀ. ਦੇ ਪ੍ਰਧਾਨ ਡਾ. ਆਮਿਰ ਅਹਿਮਦ ਨੇ ਦੁਬਾਰਾ ਮੁਰੰਮਤ ਲਈ ਮੰਦਰ ਦੇ ਇਕ ਸਮਾਗਮ ਵਿਚ ਸ਼ੁੱਕਰਵਾਰ ਨੂੰ ਉਦਘਾਟਨ ਕੀਤਾ ਅਤੇ ਇਸ ਦਾ ਸੰਚਾਲਨ ਪਾਕਿਸਤਾਨ ਹਿੰਦੂ ਪ੍ਰੀਸ਼ਦ ਨੂੰ ਸੌਂਪ ਦਿੱਤਾ। ਹਾਸ਼ਮੀ ਨੇ ਕਿਹਾ ਕਿ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਮੰਦਰ ਵਿਚ ਦਰਸ਼ਨ ਕੀਤੇ ਅਤੇ ਮਠਿਆਈਆਂ ਵੰਡੀਆਂ। ਉਨ੍ਹਾਂ ਕਿਹਾ ਕਿ ਮੰਦਰ ਦੀ ਮੁਰੰਮਤ ਇਸ ਦੇ ਮੂਲ ਸਰੂਪ ਦੇ ਮੁਤਾਬਕ ਕਰਵਾਈ ਗਈ ਹੈ।