ਹਰ ਪਲ ਦੀ ਫੋਟੋ ਸੋਸ਼ਲ ਮੀਡੀਆ ''ਤੇ ਸ਼ੇਅਰ ਕਰਨਾ ਭਰ ਸਕਦੈ ਪਿਆਰ ''ਚ ਕੜਵਾਹਟ

09/10/2018 12:53:22 AM

ਵਾਸ਼ਿੰਗਟਨ— ਅਸੀਂ ਆਏ ਦਿਨ ਅਜਿਹੇ ਲੋਕਾਂ ਨੂੰ ਦੇਖਦੇ ਹਾਂ ਜੋ ਆਪਣੀ ਦਿਨ ਦੀ ਹਰ ਇਕ ਗਤੀਵਿਧੀ ਦੀ ਖਬਰ ਸੋਸ਼ਲ ਮੀਡੀਆ 'ਤੇ ਅਪਲੋਡ ਕਰਦੇ ਹਨ। ਕਿਥੇ ਜਾ ਰਹੇ ਹਾਂ, ਕੀ ਖਾ ਰਹੇ ਹਾਂ ਤੇ ਕਿਸ ਨਾਲ ਮਿਲ ਰਹੇ ਹਾਂ, ਇਸ ਸਭ ਦੀ ਜਾਣਕਾਰੀ ਦੇਣਾ ਤਾਂ ਮੰਨੋ ਕੁਝ ਲੋਕਾਂ ਦੇ ਰੂਟੀਨ ਦਾ ਹਿੱਸਾ ਬਣਾ ਗਿਆ ਹੈ। ਕਈ ਲੋਕ ਤਾਂ ਲੋਕੇਸ਼ਨ ਤੱਕ ਅਪਲੋਡ ਕਰ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਰਨਾ ਤੁਹਾਡੇ ਰਿਸ਼ਤਿਆਂ ਲਈ ਖਤਰਨਾਕ ਸਾਬਤ ਹੋ ਸਕਦਾ ਹੈ। ਇਕ ਖੋਜ 'ਚ ਇਹ ਗੱਲ ਸਾਹਮਣੇ ਆਈ ਹੈ।

ਅਮਰੀਕਾ ਦੀ ਫਲੋਰਿਡਾ ਯੂਨੀਵਰਸਿਟੀ ਵਲੋਂ ਕੀਤੇ ਗਈ ਖੋਜ ਨਾਲ ਪਤਾ ਲੱਗਿਆ ਹੈ ਕਿ ਜੋ ਲੋਕ ਸੋਸ਼ਲ ਮੀਡੀਆ 'ਤੇ ਆਪਣੇ ਹਰ ਇਕ ਪਲ ਦੀ ਫੋਟੋ ਸ਼ੇਅਰ ਕਰਦੇ ਹਨ, ਇਸ ਦਾ ਬੁਰਾ ਅਸਰ ਉਨ੍ਹਾਂ ਦੇ ਰੋਮਾਂਟਿਕ ਰਿਸ਼ਤਿਆਂ 'ਤੇ ਪੈਣ ਲੱਗਦਾ ਹੈ। ਇਸ ਖੋਜ ਦੇ ਲਈ ਮਨੋਵਿਗਿਆਨੀਆਂ ਦੀ ਇਕ ਟੀਮ ਨੇ ਨੌਜਵਾਨਾਂ ਤੇ ਉਮਰਤਰਾਜ਼ ਲੋਕਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ 'ਤੇ ਨਜ਼ਰ ਰੱਖੀ ਸੀ। ਇਸ ਤੋਂ ਪਹਿਲਾਂ ਦੀ ਇਕ ਖੋਜ 'ਚ ਕਿਹਾ ਗਿਆ ਸੀ ਕਿ ਅਜਿਹੇ ਸੋਸ਼ਲ ਮੀਡੀਆ 'ਤੇ ਜ਼ਿਆਦਾ ਐਕਟਿਵ ਰਹਿਣ ਵਾਲੇ ਲੋਕ ਜ਼ਿਆਦਾ ਰੋਮਾਂਟਿਕ ਹੁੰਦੇ ਹਨ। ਹੁਣ ਨਵੀਂ ਖੋਜ 'ਚ ਇਸ ਦੇ ਉਲਟੇ ਨਤੀਜੇ ਆਏ ਹਨ।

ਤਸਵੀਰਾਂ ਅਪਲੋਡ ਕਰਨ ਵਾਲਿਆਂ ਦੇ ਰਿਸ਼ਤੇ ਹੋਏ ਪ੍ਰਭਾਵਿਤ
ਖੋਜ ਦੌਰਾਨ ਇਹ ਵੀ ਪਾਇਆ ਗਿਆ ਕਿ ਲੋਕ ਸੁੰਦਰ ਦਿਖਣ ਵਾਲੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਇਸ ਲਈ ਪੋਸਟ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਖੁਦ ਦੀ ਤਾਰੀਫ ਪਸੰਦ ਹੁੰਦੀ ਹੈ। ਇਸੇ ਕਾਰਨ ਉਹ ਲਗਾਤਾਰ ਆਪਣੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹਨ। ਜਿਨ੍ਹਾਂ ਲੋਕਾਂ ਨੇ ਆਪਣੀਆਂ ਜ਼ਿਆਦਾ ਤਸਵੀਰਾਂ ਪੋਸਟ ਕੀਤੀਆਂ ਤੇ ਲੰਬੇ ਸਮੇਂ ਤੱਕ ਜੋ ਲੋਕ ਅਜਿਹਾ ਕਰਦੇ ਰਹੇ, ਉਨ੍ਹਾਂ ਦੇ ਰਿਸ਼ਤਿਆਂ 'ਚ ਵੀ ਉਨੀਂ ਹੀ ਕੜਵਾਹਟ ਪਾਈ ਗਈ। ਜਿਸ ਕਾਰਨ ਕਈ ਲੋਕਾਂ ਦਾ ਵਿਆਹ ਟੁੱਟ ਗਿਆ ਤੇ ਕਈਆਂ ਦਾ ਬ੍ਰੇਕਅਪ ਹੋ ਗਿਆ।