ਸ਼ਰੀਫ ਦੀ ਧੀ ਨੇ ਜੇਲ ''ਚ ਬਿਹਤਰ ਸਹੂਲਤਾਂ ਲੈਣ ਤੋਂ ਕੀਤੀ ਨਾਂਹ

07/15/2018 7:45:53 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਬਰਤਰਫ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਮਰੀਅਮ ਨਵਾਜ਼ ਨੇ ਜੇਲ ਵਿਚ ਬਿਹਤਰ ਸਹੂਲਤਾਂ ਲੈਣ ਤੋਂ ਮਨਾਂ ਕਰ ਦਿੱਤਾ। ਸੰਪੰਨ ਪਰਿਵਾਰ ਨਾਲ ਸਬੰਧਿਤ ਹੋਣ ਕਾਰਨ ਮਰੀਅਮ ਜੇਲ ਵਿਚ ਬੀ-ਸ਼੍ਰੇਣੀ ਦੀਆਂ ਸਹੂਲਤਾਂ ਲੈਣ ਦੀ ਹੱਕਦਾਰ ਹੈ। ਇਸ ਵਿਚ ਉਨ੍ਹਾਂ ਨੂੰ ਗੱਦਾ, ਕੁਰਸੀ, ਮੇਜ਼, ਪੱਖਾ, 21 ਇੰਚ ਦਾ ਟੀਵੀ ਅਤੇ ਇਕ ਅਖਬਾਰ ਜਾਂ ਮੈਗਜ਼ੀਨ ਖੁਦ ਦੇ ਖਰਚੇ 'ਤੇ ਦਿੱਤੀ ਜਾਂਦੀ ਹੈ। ਹਾਲਾਂਕਿ ਮਰੀਅਮ ਨੇ ਸਹੂਲਤਾਂ ਲੈਣ ਤੋਂ ਮਨਾਂ ਕਰ ਦਿੱਤਾ ਅਤੇ ਇਸ ਸਬੰਧ ਵਿਚ ਉਸ ਦੇ ਹਸਤਾਖਰ ਵਾਲਾ ਨੋਟ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਨੋਟ 'ਚ ਲਿਖਿਆ ਹੈ ਜੇਲ ਅਧਿਕਾਰੀ ਨੇ ਨਿਯਮਾਂ ਮੁਤਾਬਕ ਮੈਨੂੰ ਬਿਹਤਰ ਸਹੂਲਤਾਂ ਦੀ ਪੇਸ਼ਕਸ਼ ਕੀਤੀ ਪਰ ਮੈਂ ਖੁਦ ਦੀ ਇੱਛਾ ਨਾਲ ਸਹੂਲਤਾਂ ਲੈਣ ਤੋਂ ਮਨਾਂ ਕਰ ਦਿੱਤਾ। ਇਹ ਕਿਸੇ ਦੇ ਦਬਾਅ ਹੇਠ ਲਿਆ ਗਿਆ ਫੈਸਲਾ ਨਹੀਂ ਹੈ, ਸਗੋਂ ਇਹ ਮੇਰਾ ਖੁਦ ਦਾ ਨਿੱਜੀ ਫੈਸਲਾ ਹੈ।
ਨਵਾਜ਼ ਤੇ ਉਨ੍ਹਾਂ ਦੇ ਜਵਾਈ ਬੇਨਤੀ ਕਰਕੇ ਲਈਆਂ ਇਹ ਸਹੂਲਤਾਂ
ਨਵਾਜ਼ ਸ਼ਰੀਫ ਅਤੇ ਮਰੀਅਮ ਦੇ ਪਤੀ ਮੁਹੰਮਦ ਸਫਦਰ ਨੇ ਬੇਨਤੀ ਕਰਕੇ ਬੀ ਸ਼੍ਰੇਣੀ ਦੀਆਂ ਸਹੂਲਤਾਂ ਹਾਸਲ ਕੀਤੀਆਂ ਹਨ। ਸਾਬਕਾ ਪ੍ਰਧਾਨ ਮੰਤਰੀ ਹੋਣ ਨਾਤੇ ਸ਼ਰੀਫ ਏ ਸ਼੍ਰੇਣੀ ਦੀਆਂ ਸਹੂਲਤਾਂ ਹਾਸਲ ਕਰਨ ਦੇ ਹੱਕਦਾਰ ਹਨ। ਸਫਦਰ ਸਾਬਕਾ ਫੌਜੀ ਅਧਿਕਾਰੀ ਅਤੇ ਸੰਸਦ ਮੈਂਬਰ ਹੋਣ ਨਾਅਤੇ ਬੀ ਸ਼੍ਰੇਣੀ ਦੀਆਂ ਸਹੂਲਤਾਂ ਹਾਸਲ ਕਰਨ ਦਾ ਹੱਕਦਾਰ ਹੈ।
ਨਵਾਜ਼ ਸ਼ਰੀਫ ਨੂੰ ਜੇਲ 'ਚ ਮਿਲਣ ਪੁੱਜੇ ਪਰਿਵਾਰਕ ਮੈਂਬਰ
ਸ਼ਰੀਫ ਨੇ ਬੀਤੀ ਰਾਤ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੂੰ ਮਿਲਣ ਵਾਲਿਆਂ ਵਿਚ ਬਜ਼ੁਰਗ ਮਾਂ ਸ਼ਮੀਮ ਅਖਤਰ, ਭਰਾ ਸ਼ਾਹਬਾਜ਼, ਦੋਹਤੀ ਮੇਹਰੂਨਿਸਾ ਅਤੇ ਭਤੀਜਾ ਹਮਜ਼ਾ ਸ਼ਾਹਬਾਜ਼ ਸ਼ਾਮਲ ਸਨ। ਇਹ ਮੁਲਾਕਾਤ ਜੇਲ ਅਧਿਕਾਰੀ ਦੇ ਕਮਰੇ ਵਿਚ ਕਰਵਾਈ ਗਈ ਜੋ ਲਗਭਗ ਦੋ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚੱਲੀ। ਅਧਿਕਾਰੀਆਂ ਨੇ ਕਿਹਾ ਕਿ ਸਰਕਾਰ ਦੀ ਵਿਸ਼ੇਸ਼ ਇਜਾਜ਼ਤ ਤੋਂ ਬਾਅਦ ਇਹ ਮੀਟਿੰਗ ਕਰਵਾਈ ਗਈ। ਜੇਲ ਅਧਿਕਾਰੀਆਂ ਨੇ ਸ਼ਰੀਫ ਦੇ ਪਰਿਵਾਰ ਲਈ ਉਨ੍ਹਾਂ ਨਾਲ ਮੁਲਾਕਾਤ ਵਾਸਤੇ ਵੀਰਵਾਰ ਦਾ ਦਿਨ ਤੈਅ ਕੀਤਾ ਹੈ। ਕੈਦੀਆਂ ਨਾਲ ਮੁਲਾਕਾਤ ਲਈ ਆਮ ਦਿਨ ਸ਼ੁੱਕਰਵਾਰ ਦਾ ਹੁੰਦਾ ਹੈ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਬਰਤਰਫ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (68) ਅਤੇ ਮਰੀਅਮ (44) ਨੂੰ ਏਵੇਨਫੀਲਡ ਭ੍ਰਿਸ਼ਟਾਚਾਰ ਮਾਮਲੇ ਵਿਚ ਲੰਡਨ ਤੋਂ ਲਾਹੌਰ ਹਵਾਈ ਅੱਡੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹਿਰਾਸਤ ਵਿਚ ਲੈ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ ਜੇਲ ਭੇਜ ਦਿੱਤਾ ਗਿਆ ਸੀ। ਜਲਾਬਤਲਬੀ ਅਦਾਲਤ ਨੇ ਭ੍ਰਿਸ਼ਟਾਚਾਰ ਨਾਲ ਸਬੰਧਿਤ ਇਸ ਮਾਮਲੇ ਵਿਚ ਸ਼ਰੀਫ ਨੂੰ 10 ਸਾਲ ਅਤੇ ਮਰੀਅਮ ਨੂੰ 7 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਲਾਹੌਰ ਹਵਾਈ ਅੱਡੇ 'ਤੇ ਹਿਰਾਸਤ ਵਿਚ ਲਏ ਜਾਣ ਤੋਂ ਬਾਅਦ ਪਿਤਾ-ਧੀ ਦੋਹਾਂ ਨੂੰ ਇਕ ਵਿਸ਼ੇਸ਼ ਜਹਾਜ਼ ਰਾਹੀਂ ਇਸਲਾਮਾਬਾਦ ਲਿਆਂਦਾ ਗਿਆ ਸੀ। ਉਥੋਂ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਹੇਠ ਵੱਖ-ਵੱਖ ਵਾਹਨਾਂ ਰਾਹੀਂ ਆਦਿਆਲਾ ਜੇਲ ਲਿਜਾਇਆ ਗਿਆ ਸੀ।