ਤੁਰਕੀ ਤੇ ਗ੍ਰੀਸ 'ਚ ਲੱਗੇ ਭੂਚਾਲ ਦੇ ਜ਼ਬਰਦਸਤ ਝਟਕੇ, ਕਈ ਲੋਕ ਜ਼ਖਮੀ (ਤਸਵੀਰਾਂ)

07/21/2017 1:15:11 PM

ਅੰਕਾਰਾ— ਤੁਰਕੀ ਅਤੇ ਗ੍ਰੀਸ 'ਚ ਆਏ 6.7 ਤੀਬਰਤਾ ਦੇ ਤੇਜ਼ ਭੂਚਾਲ ਕਾਰਨ ਸ਼ੁੱਕਰਵਾਰ ਨੂੰ ਦੋ ਲੋਕਾਂ ਦੀ ਮੌਤ ਹੋ ਗਈ ਅਤੇ 90 ਤੋਂ ਵਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਭੂਚਾਲ ਰਾਤ ਤਕਰੀਬਨ 1 ਵੱਜ ਕੇ 31 ਮਿੰਟ (ਭਾਰਤੀ ਸਮੇਂ ਮੁਤਾਬਕ ਤੜਕੇ 4 ਵਜੇ) 'ਤੇ ਆਇਆ। ਭੂਚਾਲ ਦੇ ਜ਼ਬਰਦਸਤ ਝਟਕੇ ਲੱਗਣ ਕਾਰਨ ਕਈ ਇਮਾਰਤਾਂ 'ਚ ਤਰੇੜਾਂ ਆ ਗਈਆਂ ਹਨ ਅਤੇ ਕੁਝ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਿਆ ਹੈ। 


ਗ੍ਰੀਸ ਦੇ ਆਈਲੈਂਡ ਕੋਸ 'ਚ 2 ਲੋਕਾਂ ਦੀ ਮੌਤ ਹੋ ਗਈ ਅਤੇ 20 ਲੋਕ ਜ਼ਖਮੀ ਹੋ ਗਏ ਹਨ। ਜਦੋਂ ਕਿ ਤੁਰਕੀ 'ਚ 70 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਰਮਾਰਿਸ ਅਤੇ ਮੁਗਲਾ ਸੂਬੇ 'ਚ ਤੇਜ਼ ਝਟਕੇ ਲੱਗੇ। ਇਹ ਦੋਵੇਂ ਸੂਬੇ ਸੈਰ-ਸਪਾਟੇ ਲਈ ਬਹੁਤ ਪ੍ਰਸਿੱਧ ਮੰਨੇ ਜਾਂਦੇ ਹਨ।

ਮੁਗਲਾ ਸੂਬੇ 'ਚ ਭੂਚਾਲ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪ੍ਰਸ਼ਾਸਨ ਵੱਲੋਂ ਜ਼ਖਮੀ ਲੋਕਾਂ ਨੂੰ ਸਾਰੀਆਂ ਸਹੂਲਤਾਂ ਮੁਹੱਈਆ ਕਰਾਈਆਂ ਜਾ ਰਹੀਆਂ ਹਨ। ਯੂਰਪੀ ਭੂਚਾਲ ਏਜੰਸੀ ਨੇ ਭੂਚਾਲ ਕਾਰਨ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਕੀਤੀ ਹੈ ਪਰ ਤੁਰਕੀ ਮੌਸਮ ਵਿਭਾਗ ਨੇ ਅਜਿਹੇ ਕਿਸੇ ਵੀ ਖਦਸ਼ੇ ਤੋਂ ਇਨਕਾਰ ਕੀਤਾ ਹੈ।

ਤੁਰਕੀ ਦੇ ਪੂਰਬੀ ਸੂਬੇ 'ਚ 2011 'ਚ ਆਏ ਭੂਚਾਲ 'ਚ 600 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ 1999 'ਚ ਦੋ ਭਿਆਨਕ ਭੂਚਾਲਾਂ 'ਚ ਤਕਰੀਬਨ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।