ਪਤਨੀ ਦੇ ਭੁਲੇਖੇ ਸ਼ਖਸ ਨੇ ਲਈ ਸੱਸ ਦੀ ਜਾਨ, ਖੁਦ ਵੀ ਗਿਆ ਮੌਤ ਦੇ ਮੂੰਹ ''ਚ

06/12/2018 11:02:23 AM

ਕੋਲੰਬੀਆ (ਬਿਊਰੋ)— ਪਤੀ-ਪਤਨੀ ਵਿਚਕਾਰ ਅਕਸਰ ਹੁੰਦੇ ਝਗੜਿਆਂ ਦੇ ਕਈ ਵਾਰੀ ਗੰਭੀਰ ਨਤੀਜੇ ਨਿਕਲਦੇ ਹਨ। ਅਜਿਹਾ ਹੀ ਇਕ ਮਾਮਲਾ ਕੋਲੰਬੀਆ ਦਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਖਸ ਆਪਣੀ ਪਤਨੀ ਨਾਲ ਚੱਲ ਰਹੇ ਝਗੜੇ ਕਾਰਨ ਕਾਫੀ ਪਰੇਸ਼ਾਨ ਸੀ। ਗੁੱਸੇ ਵਿਚ ਉਸ ਨੇ ਆਪਣੀ ਪਤਨੀ ਤੇ ਬੱਚੇ ਦੀ ਜਾਨ ਲੈਣ ਦੀ ਯੋਜਨਾ ਬਣਾਈ। ਪਰ ਉਸ ਦੀ ਯੋਜਨਾ ਉਸ ਸਮੇਂ ਉਲਟੀ ਪੈ ਗਈ ਜਦੋਂ ਡਾਇਨਾਮਾਈਟ ਦੇ ਧਮਾਕੇ ਨਾਲ ਉਸ ਦੀ ਖੁਦ ਦੀ ਜਾਨ ਚਲੀ ਗਈ।
ਪੁਲਸ ਮੁਤਾਬਕ ਜੌਨ ਗੌਂਜਲੇਜ਼ ਐਨਜ਼ੋਲਾ ਨਾਮ ਦੇ ਸ਼ਖਸ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਜੌਨ ਦੀ ਪਤਨੀ ਉਸ ਤੋਂ ਤਲਾਕ ਚਾਹੁੰਦੀ ਸੀ ਪਰ ਉਸ ਨੇ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਗੱਲ 'ਤੇ ਨਾਰਾਜ਼ ਹੋ ਕੇ ਉਸ ਦੀ ਪਤਨੀ ਬੱਚੇ ਸਮੇਤ ਆਪਣੀ ਮਾਂ ਕੋਲ ਚਲੀ ਗਈ। ਪਤਨੀ ਵੱਲੋਂ ਉਠਾਏ ਗਏ ਇਸ ਕਦਮ ਨਾਲ ਜੌਨ ਬਹੁਤ ਪਰੇਸ਼ਾਨ ਸੀ ਅਤੇ ਆਪਣੀ ਪਤਨੀ ਤੋਂ ਬਦਲਾ ਲੈਣਾ ਚਾਹੁੰਦਾ ਸੀ। ਇਸ ਲਈ ਉਸ ਨੇ ਡਾਇਨਾਮਾਈਟ ਨਾਲ ਉਸ ਨੂੰ ਮਾਰਨ ਦੀ ਯੋਜਨਾ ਬਣਾਈ। ਰਿਪੋਰਟਾਂ ਮੁਤਾਬਕ ਜੌਨ ਨੇ ਰਾਤ ਦੇ ਸਮੇਂ ਆਪਣੇ ਸਹੁਰੇ ਘਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਸੱਸ ਤੇ ਪਤਨੀ ਨੇ ਉਸ ਨੂੰ ਉੱਥੋਂ ਭਜਾ ਦਿੱਤਾ। ਜੌਨ ਦੀ ਸੱਸ ਨੇ ਉਸ ਵਿਰੁੱਧ ਪੁਲਸ ਵਿਚ ਸ਼ਿਕਾਇਤ ਕਰਨ ਦੀ ਧਮਕੀ ਦਿੱਤੀ। ਇਸ ਮਗਰੋਂ ਜੌਨ ਉੱਥੋਂ ਚਲਾ ਗਿਆ।
ਪੁਲਸ ਮੁਤਾਬਕ ਜੌਨ ਦੇ ਜਾਣ ਮਗਰੋਂ ਉਸ ਦੀ ਸੱਸ ਮਾਰੀਆ ਨੇ ਆਪਣੀ ਬੇਟੀ ਤੇ ਦੋਤੇ ਨੂੰ ਕਿਸੇ ਸੁਰੱਖਿਅਤ ਜਗ੍ਹਾ 'ਤੇ ਭੇਜ ਦਿੱਤਾ ਅਤੇ ਖੁਦ ਉੱਥੇ ਹੀ ਰੁੱਕ ਗਈ। ਕੁਝ ਸਮੇਂ ਬਾਅਦ ਜੌਨ ਦੁਬਾਰਾ ਵਾਪਸ ਆਇਆ। ਇਸ ਵਾਰੀ ਉਹ ਆਪਣੇ ਨਾਲ ਡਾਇਨਾਮਾਈਟ ਲੈ ਕੇ ਆਇਆ ਸੀ। ਉਸ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਉਸ ਦੀ ਪਤਨੀ ਤੇ ਬੱਚਾ ਉੱਥੇ ਮੌਜੂਦ ਨਹੀਂ ਸਨ। ਜੌਨ ਘਰ ਦੇ ਅੰਦਰ ਦਾਖਲ ਹੋਇਆ। ਉਸ ਨੇ ਪਲੰਗ 'ਤੇ ਕਿਸੇ ਨੂੰ ਸੁੱਤੇ ਦੇਖਿਆ। ਅਸਲ ਵਿਚ ਉਹ ਉਸ ਦੀ ਸੱਸ ਮਾਰੀਆ ਸੀ। ਉਸ ਨੇ ਮਾਰੀਆ ਨੂੰ ਆਪਣੀ ਪਤਨੀ ਸਮਝ ਕੇ ਡਾਇਨਾਮਾਈਟ ਨਾਲ ਧਮਾਕਾ ਕਰ ਦਿੱਤਾ। ਇਸ ਧਮਾਕੇ ਵਿਚ ਘਟਨਾਸਥਲ 'ਤੇ ਹੀ ਜੌਨ ਦੀ ਮੌਤ ਹੋ ਗਈ ਅਤੇ ਮਾਰੀਆ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਪੁਲਸ ਨੇ ਮਾਰੀਆ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਹਾਲਾਂਕਿ ਹਾਲੇ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਜੌਨ ਨੇ ਜਾਣਬੁੱਝ ਕੇ ਖੁਦ ਨੂੰ ਡਾਇਨਾਮਾਈਟ ਨਾਲ ਉਡਾਇਆ ਸੀ ਜਾਂ ਫਿਰ ਉਹ ਘਟਨਾ ਸਥਲ ਤੋਂ ਭੱਜਣ ਵਿਚ ਅਸਫਲ ਰਿਹਾ ਸੀ।