US ''ਚ ਭਿਆਨਕ ਤੂਫਾਨ ਕਾਰਨ 25 ਲੋਕਾਂ ਦੀ ਮੌਤ, 140 ਇਮਾਰਤਾਂ ਨੂੰ ਪੁੱਜਾ ਨੁਕਸਾਨ

03/04/2020 9:32:12 AM

ਵਾਸ਼ਿੰਗਟਨ— ਅਮਰੀਕਾ ਦੇ ਟੈਨੇਸੀ ਸੂਬੇ 'ਚ ਬੀਤੇ ਦਿਨ ਆਏ ਭਿਆਨਕ ਤੂਫਾਨ ਕਾਰਨ ਘੱਟ ਤੋਂ ਘੱਟ 25 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਛੋਟੇ-ਛੋਟੇ ਬੱਚੇ ਵੀ ਹਨ। ਇਸ ਤੂਫਾਨ ਕਾਰਨ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ ਅਤੇ ਬਿਜਲੀ ਦੇ ਖੰਭੇ ਵੀ ਡਿੱਗ ਗਏ। ਦੱਸਿਆ ਜਾ ਰਿਹਾ ਹੈ ਕਿ ਹਰ ਪਾਸੇ ਬਰਬਾਦੀ ਦਾ ਮੰਜ਼ਰ ਹੈ ਤੇ ਘੱਟੋ-ਘੱਟ 140 ਇਮਾਰਤਾਂ ਤੂਫਾਨ ਦੀ ਲਪੇਟ 'ਚ ਆ ਗਈਆਂ। ਪ੍ਰਭਾਵਿਤ ਖੇਤਰਾਂ 'ਚ ਸਕੂਲ, ਕਾਲਜ ਅਤੇ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ। ਤੂਫਾਨ ਦੇ ਚਲਦਿਆਂ ਦੱਖਣੀ ਅਮਰੀਕੀ ਸੂਬੇ 'ਚ ਪ੍ਰਾਇਮਰੀ ਚੋਣਾਂ ਲਈ ਮੰਗਲਵਾਰ ਨੂੰ ਹੋਣ ਵਾਲੀ ਵੋਟਿੰਗ ਦਾ ਸਮਾਂ ਵਧਾ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਘਰਾਂ ਦੇ ਤੂਫਾਨ ਦੀ ਲਪੇਟ 'ਚ ਆਉਣ ਮਗਰੋਂ ਸਥਾਨਕ ਲੋਕ ਆਪਣੀ ਜਾਨ ਬਚਾਉਣ ਲਈ ਭੱਜੇ। ਹਜ਼ਾਰਾਂ ਲੋਕਾਂ ਦੇ ਘਰਾਂ ਦੀ ਬੱਤੀ ਗੁੱਲ ਹੋ ਗਈ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕੀਤਾ ਹੈ।

ਰਾਸ਼ਟਰੀ ਮੌਸਮ ਸੇਵਾ ਵਿਭਾਗ ਨੇ ਟਵੀਟ ਕੀਤਾ,''ਆਪਣੀ ਸੁਰੱਖਿਆ ਕਰੋ। ਇਹ ਬਹੁਤ ਹੀ ਖਤਰਨਾਕ ਤੂਫਾਨ ਹੈ।'' ਗਵਰਨਰ ਬਿਲ ਲੀ ਨੇ ਮੰਗਲਵਾਰ ਦੇਰ ਰਾਤ ਟਵਿੱਟਰ 'ਤੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਕੇ 25 ਹੋ ਗਈ ਹੈ।'' ਮੇਅਰ ਜਾਨ ਕਪੂਰ ਨੇ ਕਿਹਾ ਕਿ ਤਕਰੀਬਨ 150 ਲੋਕਾਂ ਨੂੰ ਮੈਡੀਕਲ ਕੇਂਦਰਾਂ ਤਕ ਲੈ ਜਾਇਆ ਗਿਆ ਜਦਕਿ ਸ਼ਹਿਰ 'ਚ ਤਕਰੀਬਨ 50 ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।