ਬੋਲਵੀਆ ਦੀ ਜੇਲ 'ਚ ਝੜਪ ਦੌਰਾਨ 6 ਕੈਦੀਆਂ ਦੀ ਮੌਤ

03/15/2018 2:17:20 PM

ਲਾਪੇਜ— ਦੱਖਣੀ ਅਮਰੀਕੀ ਬੋਲਵੀਆ ਦੇ ਸਾਂਤਾਕਰੂਜ਼ 'ਚ ਪਾਲਨਸੋਲਾ ਜੇਲ 'ਚ ਪੁਲਸ ਦੀ ਰੇਡ ਦਾ ਵਿਰੋਧ ਕਰਨ ਦੌਰਾਨ ਘੱਟ ਤੋਂ ਘੱਟ 6 ਕੈਦੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵਧੇਰੇ ਲੋਕ ਜ਼ਖਮੀ ਹੋ ਗਏ। ਪੁਲਸ ਕਮਾਂਡਰ ਫਾਸਤਨੋ ਮੈਂਡੋਜਾ ਨੇ ਕਿਹਾ ਕਿ ਬੁੱਧਵਾਰ ਨੂੰ ਤਕਰੀਬਨ 2,300 ਪੁਲਸ ਕਰਮਚਾਰੀਆਂ ਨੇ ਹਥਿਆਰ, ਸ਼ਰਾਬ ਦੀ ਤਲਾਸ਼ੀ ਲਈ ਜੇਲਾਂ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਕੈਦੀਆਂ ਅਤੇ ਪੁਲਸ ਕਰਮਚਾਰੀਆਂ ਦੀ ਝੜਪ ਹੋ ਗਈ, ਜਿਸ 'ਚ 6 ਕੈਦੀਆਂ ਦੀ ਮੌਤ ਹੋ ਗਈ। ਜੇਲ 'ਚ ਤਕਰੀਬਨ 5000 ਪੁਰਸ਼ ਅਤੇ ਮਹਿਲਾ ਕੈਦੀ ਰਹਿੰਦੇ ਹਨ। ਇਸ ਤੋਂ ਪਹਿਲਾਂ 2013 'ਚ ਵੀ ਕੈਦੀਆਂ ਵਿਚਕਾਰ ਹੋਏ ਸੰਘਰਸ਼ 'ਚ 34 ਲੋਕ ਮਾਰੇ ਗਏ। ਸਰਕਾਰ ਨੇ ਹਾਲ ਹੀ 'ਚ ਦਰਜਨਾਂ ਬੱਚਿਆਂ ਨੂੰ ਜੇਲ 'ਚੋਂ ਕੱਢਣ ਦਾ ਹੁਕਮ ਦਿੱਤਾ ਸੀ, ਜੋ ਸਜ਼ਾ ਕੱਟ ਰਹੇ ਮਾਂ-ਬਾਪ ਨਾਲ ਜੇਲ 'ਚ ਰਹਿ ਰਹੇ ਸਨ। 
ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਜੇਲ 'ਚੋਂ 85 ਚਾਕੂ, 9 ਬੰਦੂਕਾਂ, 4 ਗ੍ਰੈਨੇਡ ਅਤੇ 188 ਮੋਬਾਈਲ ਫੋਨ ਜ਼ਬਤ ਕੀਤੇ। ਉਨ੍ਹਾਂ ਕਿਹਾ ਕਿ ਜਦ ਪੁਲਸ ਜੇਲ 'ਚ ਦਾਖਲ ਹੋਈ ਤਾਂ ਕਈ ਕੈਦੀਆਂ ਨੇ ਓਪਨ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ 3 ਪੁਲਸ ਵਾਲੇ ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਆਪਰੇਸ਼ਨ 'ਚ ਜਿੱਤ ਪ੍ਰਾਪਤ ਕੀਤੀ ਹੈ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ 'ਚ ਹੰਝੂ ਗੈਸ ਵੀ ਛੱਡਣੀ ਪਈ ਅਤੇ ਇੱਥੇ ਕੁੱਝ ਨੁਕਸਾਨ ਵੀ ਹੋਇਆ।