23 ਸਤੰਬਰ ਨੂੰ ਪੌਣੇ ਤਿੰਨ ਵੱਜਦੇ ਹੀ ਇਜ਼ਰਾਇਲ 'ਚ ਝੁਕ ਜਾਂਦੇ ਨੇ ਭਾਰਤੀ ਫ਼ੌਜੀਆਂ ਲਈ ਸਿਰ

09/23/2020 10:14:21 PM

ਹਾਇਫਾ— 23 ਸਤੰਬਰ ਦਾ ਦਿਨ ਇਜ਼ਰਾਇਲ ਲਈ ਬਹੁਤ ਖਾਸ ਹੈ ਤੇ ਜਦੋਂ ਇੱਥੇ ਦੁਪਹਿਰ ਦੇ ਪੌਣੇ ਤਿੰਨ ਵੱਜਦੇ ਹਨ ਤਾਂ ਭਾਰਤੀ ਫ਼ੌਜੀਆਂ ਦੀ ਸ਼ਾਨ ਵਿਚ ਲੋਕ ਸਿਰ ਝੁਕਾਉਂਦੇ ਹਨ, ਜਿਨ੍ਹਾਂ ਨੇ ਇੱਥੋਂ ਦੇ ਸ਼ਹਿਰ ਹਾਇਫਾ ਨੂੰ ਆਜ਼ਾਦ ਕਰਵਾਇਆ ਸੀ। ਇਜ਼ਰਾਇਲ ਦੀ ਸਰਕਾਰ ਅੱਜ ਤੱਕ ਹਾਇਫਾ, ਯੇਰੂਸ਼ਲਮ, ਰਾਮਲੇਹ ਅਤੇ ਖਿਆਤ ਦੇ ਸਮੁੰਦਰੀ ਤਟਾਂ 'ਤੇ ਬਣੀਆਂ 900 ਭਾਰਤੀ ਫ਼ੌਜੀਆਂ ਦੀਆਂ ਸਮਾਧੀਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਦੀ ਹੈ। ਇੱਥੋਂ ਤੱਕ ਕਿ ਬੱਚਿਆਂ ਦੀਆਂ ਕਿਤਾਬਾਂ ਵਿਚ ਭਾਰਤੀ ਫ਼ੌਜੀਆਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹਾਈਆਂ ਜਾਂਦੀਆਂ ਹਨ। ਹਰ ਸਾਲ ਇਸ ਦਿਨ ਨੂੰ ਹਾਇਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ।

ਇਜ਼ਰਾਇਲ ਦੇ ਸ਼ਹਿਰ ਹਾਇਫਾ ਨੂੰ ਲਗਭਗ ਇਕ ਸਦੀ ਪਹਿਲਾਂ ਆਟੋਮਨ ਸਮਰਾਜ ਤੋਂ ਮੁਕਤ ਕਰਾਉਣ ਵਾਲੇ ਭਾਰਤੀ ਫ਼ੌਜੀਆਂ ਨੂੰ ਭਾਰਤੀ ਅੰਬੈਸਡਰ ਨੇ ਬੁੱਧਵਾਰ ਨੂੰ ਇੱਥੇ ਸ਼ਰਧਾਂਜਲੀ ਦਿੱਤੀ। ਦੂਤਘਰ ਨੇ ਵੀਰ ਫ਼ੌਜੀਆਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ਹਿਰ ਵਿਚ ਪ੍ਰਵੇਸ਼ ਕਰਦੇ ਇਨ੍ਹਾਂ ਯੋਧਿਆਂ ਦੀ ਤਸਵੀਰ ਪੋਸਟ ਕੀਤੀ। 

ਭਾਰਤੀ ਮਿਸ਼ਨ ਨੇ ਆਪਣੇ ਫੇਸਬੁੱਕ ਅਤੇ ਟਵਿੱਟਰ ਅਕਾਊਂਟ 'ਤੇ ਸਥਾਨਕ ਸਮੇਂ ਮੁਤਾਬਕ ਪੌਣੇ ਤਿੰਨ ਵਜੇ ਡਿਸਪਲੇ ਪਿਕਚਰ ਦੇ ਰੂਪ ਵਿਚ ਇਹ ਤਸਵੀਰ ਲਗਾਈ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ 102 ਸਾਲ ਪਹਿਲਾਂ 23 ਸਤੰਬਰ ਦੇ ਦਿਨ ਦੁਪਹਿਰ ਪੌਣੇ ਤਿੰਨ ਵਜੇ ਹੀ ਭਾਰਤੀ ਫ਼ੌਜੀਆਂ ਨੇ ਹਾਇਫਾ ਨੂੰ ਮੁਕਤ ਕਰਵਾਇਆ ਸੀ। 

ਭਾਰਤੀ ਫ਼ੌਜ 23 ਸਤੰਬਰ ਦੇ ਦਿਨ ਨੂੰ ਹਰ ਸਾਲ ਹਾਇਫਾ ਦਿਵਸ ਦੇ ਰੂਪ ਵਿਚ ਮਨਾਉਂਦੀ ਹੈ ਅਤੇ ਆਪਣੇ 3 ਘੁੜਸਵਾਰ ਰੈਜੀਮੈਂਟਾਂ- ਮੈਸੂਰ, ਹੈਦਰਾਬਾਦ ਅਤੇ ਜੋਧਪੁਰ ਲਾਂਸਰਸ ਪ੍ਰਤੀ ਸਨਮਾਨ ਪ੍ਰਗਟ ਕਰਦੀ ਹੈ। ਇਨ੍ਹਾਂ ਰੈਜੀਮੈਂਟਾਂ ਦੇ ਫ਼ੌਜੀਆਂ ਨੇ ਹੀ ਹਾਇਫਾ ਨੂੰ ਆਟੋਮਨ ਤੋਂ ਮੁਕਤ ਕਰਵਾਇਆ ਸੀ। 
 

Sanjeev

This news is Content Editor Sanjeev