ਪਾਕਿਸਤਾਨ 'ਚ ਇਮਰਾਨ ਦੀ ਡਿੱਗੀ ਸਰਕਾਰ, ਭਲਕੇ ਹੋਵੇਗੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ

04/10/2022 10:08:34 AM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਹਟਾਏ ਜਾਣ ਤੋਂ ਬਾਅਦ ਐਤਵਾਰ ਤੜਕੇ ਨੈਸ਼ਨਲ ਅਸੈਂਬਲੀ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਸਦਨ ਦੀ ਅਗਲੀ ਬੈਠਕ 11 ਅਪ੍ਰੈਲ (ਸੋਮਵਾਰ) ਨੂੰ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਨੈਸ਼ਨਲ ਅਸੈਂਬਲੀ ਦੇ ਇਸ ਅਹਿਮ ਸੈਸ਼ਨ ਦੀ ਪ੍ਰਧਾਨਗੀ ਕਰ ਰਹੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਅਯਾਜ਼ ਸਾਦਿਕ ਨੇ ਕਿਹਾ ਕਿ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਨਾਮਜ਼ਦਗੀ ਪੱਤਰ ਐਤਵਾਰ ਦੁਪਹਿਰ 2 ਵਜੇ ਤੱਕ ਦਾਖਲ ਕੀਤੇ ਜਾ ਸਕਦੇ ਹਨ ਅਤੇ ਉਨ੍ਹਾਂ ਦੀ ਪੜਤਾਲ ਦੁਪਹਿਰ 3 ਵਜੇ ਤੱਕ ਹੋਵੇਗੀ। 

ਸਾਦਿਕ ਨੇ ਸੋਮਵਾਰ ਨੂੰ ਸਵੇਰੇ 11 ਵਜੇ ਇਕ ਵਾਰ ਫਿਰ ਨੈਸ਼ਨਲ ਅਸੈਂਬਲੀ ਦੀ ਬੈਠਕ ਬੁਲਾਉਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਸ ਦੌਰਾਨ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕੀਤੀ ਜਾਵੇਗੀ। ਹਾਲਾਂਕਿ ਬਾਅਦ ਵਿੱਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਦੱਸਿਆ ਕਿ ਸਦਨ ਦੀ ਬੈਠਕ ਦੁਪਹਿਰ 2 ਵਜੇ ਹੋਵੇਗੀ। ਹੇਠਲੇ ਸਦਨ ਨੇ ਟਵੀਟ ਕੀਤਾ ਕਿ ਨੈਸ਼ਨਲ ਅਸੈਂਬਲੀ ਦੀ ਬੈਠਕ ਸੋਮਵਾਰ, 11 ਅਪ੍ਰੈਲ, 2022 ਨੂੰ ਸਵੇਰੇ 11 ਵਜੇ ਦੀ ਬਜਾਏ ਦੁਪਹਿਰ 2 ਵਜੇ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਨੈਸ਼ਨਲ ਅਸੈਂਬਲੀ ਦੇ ਸਪੀਕਰ ਅਸਦ ਕੈਸਰ ਨੇ ਸਾਦਿਕ ਨੂੰ ਸੈਸ਼ਨ ਦੀ ਪ੍ਰਧਾਨਗੀ ਲਈ ਨਾਮਜ਼ਦ ਕੀਤਾ ਸੀ। ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਨੇਤਾ ਕੈਸਰ ਨੇ ਸਦਨ ਦੀ ਕਾਰਵਾਈ ਚਲਾਉਣ ਵਿਚ ਅਸਮਰੱਥਾ ਦਾ ਹਵਾਲਾ ਦਿੰਦੇ ਹੋਏ ਸਪੀਕਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਮੈਕਰੋਂ ਦਾ ਵੱਡਾ ਬਿਆਨ, ਕਿਹਾ- ਜੰਗ ਨੂੰ ਰੋਕਣ ਲਈ ਪੁਤਿਨ ਨਾਲ ਗੱਲ ਕਰਨਾ ਜਾਰੀ ਰੱਖਾਂਗਾ

ਸਾਦਿਕ ਨੇ ਤੁਰੰਤ ਵੋਟਿੰਗ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। 342 ਮੈਂਬਰੀ ਨੈਸ਼ਨਲ ਅਸੈਂਬਲੀ ਵਿੱਚ ਬੇਭਰੋਸਗੀ ਮਤੇ ਦੌਰਾਨ ਸਮਾਜਵਾਦੀ, ਉਦਾਰਵਾਦੀ ਅਤੇ ਕੱਟੜਪੰਥੀ ਧਾਰਮਿਕ ਪਾਰਟੀਆਂ ਦੇ ਸਾਂਝੇ ਵਿਰੋਧੀ ਨੂੰ 174 ਮੈਂਬਰਾਂ ਦਾ ਸਮਰਥਨ ਮਿਲਿਆ, ਜੋ ਪ੍ਰਧਾਨ ਮੰਤਰੀ ਨੂੰ ਸੱਤਾ ਤੋਂ ਹਟਾਏ ਜਾਣ ਲਈ ਲੋੜੀਂਦੀ ਗਿਣਤੀ ਤੋਂ ਵੱਧ ਸੀ। ਪਾਕਿਸਤਾਨ ਦੇ ਇਤਿਹਾਸ ਵਿੱਚ ਇਮਰਾਨ ਤੋਂ ਪਹਿਲਾਂ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਬੇਭਰੋਸਗੀ ਮਤੇ ਰਾਹੀਂ ਸੱਤਾ ਤੋਂ ਬੇਦਖਲ ਨਹੀਂ ਕੀਤਾ ਗਿਆ। ਨਾਲ ਹੀ ਅੱਜ ਤੱਕ ਕਿਸੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ। ਇਮਰਾਨ (69) ਬੇਭਰੋਸਗੀ ਮਤੇ 'ਤੇ ਵੋਟਿੰਗ ਸਮੇਂ ਸੰਸਦ ਦੇ ਹੇਠਲੇ ਸਦਨ 'ਚ ਮੌਜੂਦ ਨਹੀਂ ਸਨ। ਵੋਟਿੰਗ ਦੌਰਾਨ ਉਨ੍ਹਾਂ ਦੀ ਪਾਰਟੀ ਦੇ ਮੈਂਬਰ ਵੀ ਸਦਨ ਤੋਂ ਵਾਕਆਊਟ ਕਰ ਗਏ। ਹਾਲਾਂਕਿ ਪੀਟੀਆਈ ਦੇ ਬਾਗੀ ਮੈਂਬਰ ਸਦਨ ਵਿੱਚ ਮੌਜੂਦ ਸਨ ਅਤੇ ਸੱਤਾਧਾਰੀ ਪਾਰਟੀ ਦੀਆਂ ਸੀਟਾਂ 'ਤੇ ਬੈਠੇ ਸਨ। ਇਮਰਾਨ ਨੂੰ ਹਟਾਉਣ ਦੇ ਨਾਲ ਹੀ ਨਵਾਂ ਪ੍ਰਧਾਨ ਮੰਤਰੀ ਚੁਣਨ ਦੀ ਕਵਾਇਦ ਸ਼ੁਰੂ ਹੋ ਗਈ ਹੈ। ਸੰਯੁਕਤ ਵਿਰੋਧੀ ਧਿਰ ਪਹਿਲਾਂ ਹੀ ਪੀਐਮਐਲ-ਐਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੂੰ ਆਪਣਾ ਸਾਂਝਾ ਉਮੀਦਵਾਰ ਐਲਾਨ ਚੁੱਕੀ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News