ਪਲਾਸਟਿਕ ਕਾਰਨ ਸਮੁੰਦਰੀ ਜੀਵਾਂ ਨੂੰ ਵੱਡਾ ਖਤਰਾ : ਅਧਿਐਨ

02/05/2018 5:45:56 PM

ਮੈਲਬੌਰਨ— ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਸਾਡੇ ਸਮੁੰਦਰ ਵਿਚ ਖਾਸ ਕਰ ਕੇ ਬੰਗਾਲ ਦੀ ਖਾੜੀ ਵਰਗੇ ਪ੍ਰਦੂਸ਼ਿਤ ਸਥਲਾਂ 'ਚ ਮੌਜੂਦ 'ਮਾਈਕ੍ਰੋਸਕੋਪੀਕ ਪਲਾਸਟਿਕ' ਨਾਲ ਵੇਲ੍ਹ, ਸ਼ਾਰਕ ਵਰਗੇ ਸਮੁੰਦਰੀ ਜੀਵਾਂ ਨੂੰ ਖਤਰਾ ਹੋ ਸਕਦਾ ਹੈ। ਆਸਟ੍ਰੇਲੀਆ ਦੀ ਮਰਡੋਕ ਯੂਨੀਵਰਸਿਟੀ ਅਤੇ ਇਟਲੀ ਦੀ ਯੂਨੀਵਰਸਿਟੀ ਆਫ ਸੀਨਾ ਦੇ ਸ਼ੋਧਕਰਤਾਵਾਂ ਨੇ ਕਿਹਾ ਕਿ ਮਾਈਕਰੋ ਪਲਾਸਟਿਕ ਦੇ ਕਣ ਨੁਕਸਾਨਦਾਇਕ ਹੋ ਸਕਦੇ ਹਨ, ਕਿਉਂਕਿ ਇਨ੍ਹਾਂ ਵਿਚ ਜ਼ਹਿਰੀਲੇ ਰਸਾਇਣ ਹੁੰਦੇ ਹਨ।
ਅਧਿਐਨ ਮੁਤਾਬਕ ਪਲਾਸਟਿਕ ਨਾਲ ਸੰਬੰਧਤ ਰਸਾਇਣਕ ਅਤੇ ਪ੍ਰਦੂਸ਼ਕ ਉਨ੍ਹਾਂ ਵਿਚ ਦਹਾਕਿਆਂ ਤੱਕ ਜਮਾਂ ਰਹਿ ਸਕਦੇ ਹਨ ਅਤੇ ਇਸ ਨਾਲ ਇਨ੍ਹਾਂ ਜੀਵਾਂ ਦੀ ਜੈਵਿਕ ਪ੍ਰਕਿਰਿਆ ਵਿਚ ਬਦਲਾਅ ਵੀ ਹੋ ਸਕਦਾ ਹੈ। ਜਿਸ ਕਾਰਨ ਉਨ੍ਹਾਂ ਦੇ ਵਾਧੇ, ਵਿਕਾਸ ਅਤੇ ਪ੍ਰਜਨਨ ਦਰ ਵਿਚ ਕਮੀ ਸਮੇਤ ਪ੍ਰਜਨਨ ਦੀ ਕ੍ਰਿਰਿਆ ਵਿਚ ਬਦਲਾਅ ਦੇਖਿਆ ਜਾ ਸਕਦਾ ਹੈ। 
ਮਰਡੋਕ ਯੂਨੀਵਰਸਿਟੀ 'ਚ ਪੀ. ਐੱਚ. ਡੀ. ਦੀ ਵਿਦਿਆਰਥਣ ਏਤਿਲਜਾ ਜਰਮਨੋਵ ਨੇ ਕਿਹਾ ਕਿ ਮਾਈਕ੍ਰੋਸਕੋਪੀਕ ਪਲਾਸਟਿਕ ਦੇ ਜ਼ਹਿਰੀਲੇ ਪਦਾਰਥਾਂ ਤੱਕ ਸਮੁੰਦਰੀ ਜੀਵਾਂ ਦੀ ਪਹੁੰਚ ਦਰਮਿਆਨ ਨਿਸ਼ਚਿਤ ਸੰਬੰਧਾਂ ਦੀ ਪੁਸ਼ਟੀ ਹੁੰਦੀ ਰਹਿੰਦੀ ਹੈ। ਸਮੁੰਦਰੀ ਪੰਛੀਆਂ ਅਤੇ ਛੋਟੀਆਂ ਮੱਛੀਆਂ ਵਿਚ ਇਸ ਵਿਚ ਸੰਬੰਧ ਵੀ ਦੇਖਿਆ ਗਿਆ ਹੈ। ਇਹ ਮੱਛੀਆਂ ਦੂਸ਼ਿਤ ਪਾਣੀ ਤੋਂ ਸਿੱਧੇ-ਸਿੱਧੇ ਸੂਖਮ ਪਲਾਸਟਿਕ ਨੂੰ ਗ੍ਰਹਿਣ ਕਰ ਸਕਦੀਆਂ ਹਨ। ਮਾਈਕ੍ਰੋਸਕੋਪੀਕ ਪਲਾਸਟਿਕ ਨਾਲ ਪ੍ਰਦੂਸ਼ਿਤ ਮੁੱਖ ਸਥਲਾਂ ਵਿਚ ਮੈਕਸੀਕੋ ਦੀ ਖਾੜੀ, ਭੂ-ਮੱਧ ਸਾਗਰ, ਬੰਗਾਲ ਦੀ ਖਾੜੀ ਅਤੇ ਇੰਡੋਨੇਸ਼ੀਆ ਸਮੇਤ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਦਾ ਸਮੁੰਦਰੀ ਖੇਤਰ 'ਕੋਰਲ ਟਰੈਗਲ' ਸ਼ਾਮਲ ਹੈ।