ਸਕਾਟਿਸ਼ ਰੇਲ ਵਿਭਾਗ ਨੇ ਇੱਕ ਸਾਲ ''ਚ ਯਾਤਰੀਆਂ ਨੂੰ ਕੀਤਾ 1.1 ਮਿਲੀਅਨ ਪੌਂਡ ਤੋਂ ਵੱਧ ਦਾ ਭੁਗਤਾਨ

01/03/2021 1:30:07 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਰੇਲਵੇ ਵਿਭਾਗ ਸੰਬੰਧੀ ਅੰਕੜੇ ਦਰਸਾਉਂਦੇ ਹਨ ਕਿ ਸਕਾਟਿਸ਼ ਰੇਲਵੇ ਨੇ ਇੱਕ ਸਾਲ ਵਿੱਚ ਆਪਣੀਆਂ ਸੇਵਾਵਾਂ "ਚ ਦੇਰੀ ਹੋਣ ਕਾਰਨ ਮੁਸਾਫਿਰ ਮੁਆਵਜ਼ਾ ਸਕੀਮ ਤਹਿਤ ਯਾਤਰੀਆਂ ਨੂੰ 1.1 ਮਿਲੀਅਨ ਪੌਂਡ ਤੋਂ ਵੱਧ ਦਾ ਭੁਗਤਾਨ ਕੀਤਾ ਹੈ। ਰੇਲਵੇ ਦੁਆਰਾ ਭੁਗਤਾਨ ਦੀ ਇਹ ਜਾਣਕਾਰੀ ਸਕਾਟਿਸ਼ ਲਿਬਰਲ ਡੈਮੋਕਰੇਟਸ ਦੁਆਰਾ ਫਰੀਡਮ ਆਫ ਇਨਫਰਮੇਸ਼ਨ ਦੀ ਬੇਨਤੀ ਰਾਹੀਂ ਮਿਲੀ ਹੈ, ਜਿਸਦੇ ਤਹਿਤ ਖੁਲਾਸਾ ਹੋਇਆ ਕਿ ਵਿਭਾਗ ਨੇ 2019-20 ਦੀ ਮਿਆਦ ਵਿੱਚ ਤਾਲਾਬੰਦੀ ਤੱਕ 1,129,976.17 ਪੌਂਡ ਦਾ ਭੁਗਤਾਨ ਕੀਤਾ ਹੈ ਜੋ ਕਿ 2018-19 ਵਿੱਚ 1,119,818 ਪੌਂਡ ਅਤੇ 2017-18 ਵਿੱਚ 647,670 ਪੌਂਡ ਸੀ। 

ਸਕਾਟਿਸ਼ ਲਿਬਰਲ ਡੈਮੋਕਰੇਟ ਟਰਾਂਸਪੋਰਟ ਵੱਲੋਂ ਕੈਰੋਲ ਫੋਰਡ ਅਨੁਸਾਰ ਇਹ ਅਦਾਇਗੀਆਂ ਸਕਾਟਲੈਂਡ ਦੇ ਰੇਲ ਨੈਟਵਰਕ ਦੁਆਰਾ ਕੀਤੀ ਦੇਰੀ ਦਾ ਨਤੀਜਾ ਹਨ। ਜਦਕਿ ਸਕਾਟਲੈਂਡ ਦੇ ਯਾਤਰੀ ਇੱਕ ਭਰੋਸੇਮੰਦ ਅਤੇ ਆਰਾਮਦਾਇਕ ਸੇਵਾ ਚਾਹੁੰਦੇ ਹਨ ਅਤੇ ਟਰੇਨਾਂ ਨੂੰ ਰੱਦ ਕਰਨ ਅਤੇ ਦੇਰੀ ਨਾਲ ਹਜ਼ਾਰਾਂ ਯਾਤਰੀਆਂ ਦੇ ਯਾਤਰਾ ਵਿੱਚ ਵਿਘਨ ਪੈਣ ਨਾਲ ਆਰਥਿਕਤਾ ਨੂੰ ਵੀ ਨੁਕਸਾਨ ਪਹੁੰਚਦਾ ਹੈ। ਸਕਾਟਿਸ਼ ਰੇਲ ਵਿਭਾਗ ਦੀ 'ਡੀਲੇਅ ਰੀਪੇਅ ਸਕੀਮ' ਯਾਤਰੀਆਂ ਨੂੰ 30 ਤੋਂ 59 ਮਿੰਟ ਦੀ ਦੇਰੀ ਨਾਲ ਕੀਤੀ ਯਾਤਰਾ ਲਈ ਕਿਰਾਏ ਦਾ 50% , 60 ਤੋਂ 119 ਮਿੰਟ ਦੀ ਦੇਰੀ ਲਈ 100% ਅਤੇ 120 ਮਿੰਟ ਜਾਂ ਇਸ ਤੋਂ ਵੱਧ ਦੇਰੀ ਲਈ ਵੀ ਇਹ ਵਾਪਸੀ ਦੇ 100% ਕਿਰਾਏ ਤੱਕ ਦੇ ਮੁਆਵਜ਼ੇ ਨੂੰ ਕਲੇਮ ਕਰਨ ਦਾ ਹੱਕ ਦਿੰਦੀ ਹੈ। 

ਪੜ੍ਹੋ ਇਹ ਅਹਿਮ ਖਬਰ- ਯੂਕੇ 'ਚ ਰੋਜ਼ਾਨਾ ਦੇ ਕੋਰੋਨਾਵਾਇਰਸ ਮਾਮਲੇ ਪਹੁੰਚੇ 57,725 ਦੇ ਰਿਕਾਰਡ ਪੱਧਰ 'ਤੇ

ਸਕਾਟਿਸ਼ ਰੇਲ ਦੇ ਬੁਲਾਰੇ ਮੁਤਾਬਕ, ਡੀਲੇਅ ਰੀਪੇਅ ਸਿਸਟਮ ਦੀ ਵਰਤੋਂ ਕਰਨੀ ਬਹੁਤ ਸੌਖੀ ਹੈ। ਯਾਤਰੀ ਇਸ ਦੇ ਆਨਲਾਈਨ ਪੋਰਟਲ 'ਤੇ ਉਨ੍ਹਾਂ ਦੀ ਯਾਤਰਾ ਵਿੱਚ 30 ਮਿੰਟ ਜਾਂ ਇਸ ਤੋਂ ਵੱਧ ਦੇਰੀ ਹੋਣ ਤੇ ਮੁਆਵਜੇ ਲਈ ਦਾਆਵਾ ਪੇਸ਼ ਕਰ ਸਕਦੇ ਹਨ ਅਤੇ ਇਹ ਅਦਾਇਗੀ ਉਨ੍ਹਾਂ ਯਾਤਰੀਆਂ ਲਈ ਉਪਲਬਧ ਰਹੇਗੀ ਜੋ ਵਿਘਨ ਜਾਂ ਰੱਦ ਹੋਣ ਕਰਕੇ ਪ੍ਰਭਾਵਿਤ ਹੁੰਦੇ ਹਨ।

Vandana

This news is Content Editor Vandana