ਸਕਾਟਲੈਂਡ ਸਰਕਾਰ ਵੱਲੋਂ ਐਂਬੂਲੈਂਸ ਸੇਵਾ ਲਈ ਫ਼ੌਜ਼ੀ ਸਹਾਇਤਾ ਦੀ ਬੇਨਤੀ

09/17/2021 4:13:15 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਵੱਧ ਰਹੇ ਕੋਵਿਡ ਕੇਸਾਂ ਦੇ ਮੱਦੇਨਜ਼ਰ, ਐਂਬੂਲੈਂਸ ਸੇਵਾ ਸੰਕਟ ਦਾ ਸਾਹਮਣਾ ਕਰ ਰਹੀ ਹੈ। ਇਸ ਸੰਕਟ ਦੇ ਚਲਦਿਆਂ ਮਰੀਜ਼ਾਂ ਨੂੰ ਘੰਟਿਆਂ ਬੱਧੀ ਐਂਬੂਲੈਂਸ ਦਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਇਸ ਲਈ ਸਕਾਟਲੈਂਡ ਸਰਕਾਰ ਵੱਲੋਂ ਐਂਬੂਲੈਂਸ ਸੇਵਾ ਦੀ ਸਹਾਇਤਾ ਲਈ ਡਿਫੈਂਸ ਵਿਭਾਗ ਨੂੰ ਫ਼ੌਜੀ ਸਹਾਇਤਾ ਲਈ ਬੇਨਤੀ ਕੀਤੀ ਗਈ ਹੈ।

ਰੱਖਿਆ ਮੰਤਰਾਲੇ (ਐਮ ਓ ਡੀ) ਨੇ ਪੁਸ਼ਟੀ ਕੀਤੀ ਹੈ ਕਿ ਐਂਬੂਲੈਂਸ ਸੇਵਾ ਵਿੱਚ ਸੰਕਟ ਨਾਲ ਨਜਿੱਠਣ ਲਈ ਸਕਾਟਿਸ਼ ਸਰਕਾਰ ਨੇ ਅਧਿਕਾਰਤ ਤੌਰ 'ਤੇ ਫ਼ੌਜ ਤੋਂ ਸਹਾਇਤਾ ਦੀ ਬੇਨਤੀ ਕੀਤੀ ਹੈ, ਜੋ ਕਿ ਮਿਲਟਰੀ ਏਡ ਟੂ ਸਿਵਲੀਅਨ ਅਥਾਰਟੀ ਪ੍ਰਕਿਰਿਆ ਦੇ ਅਧੀਨ ਪ੍ਰਾਪਤ ਹੋਈ ਹੈ। ਐਮ ਓ ਡੀ ਦੁਆਰਾ ਇਸ ਬੇਨਤੀ ਲਈ ਸਿਵਲ ਅਥਾਰਟੀਆਂ ਦੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਹਾਇਤਾ ਅਤੇ ਮਿਲਟਰੀ ਦੀ ਤਾਇਨਾਤੀ ਕਰਨ ਲਈ ਸਖ਼ਤ ਮਿਹਨਤ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ -ਕੈਨੇਡਾ 'ਚ ਮੁੜ ਵਧਿਆ ਕੋਵਿਡ-19 ਦਾ ਕਹਿਰ, ਨਵੇਂ ਮਾਮਲੇ ਆਏ ਸਾਹਮਣੇ

ਸਕਾਟਲੈਂਡ ਦੀ ਫਸਟ ਮਨਿਸਟਰ ਨਿਕੋਲਾ ਸਟਰਜਨ ਨੇ ਵੀ ਕਿਹਾ ਹੈ ਕਿ ਸਕਾਟਿਸ਼ ਸਰਕਾਰ ਐਂਬੂਲੈਂਸ ਸੇਵਾ ਲਈ ਫੌਜ ਤਾਇਨਾਤ ਕਰਨ ਲਈ ਗੱਲਬਾਤ ਕਰ ਰਹੀ ਹੈ। ਸਟਰਜਨ ਅਨੁਸਾਰ ਮਰੀਜ਼ਾਂ ਲਈ ਐਂਬੂਲੈਂਸ ਦੇ ਇੰਤਜ਼ਾਰ ਦਾ ਸਮਾਂ ਸਵੀਕਾਰਯੋਗ ਨਹੀਂ ਹੈ। ਸਟਰਜਨ ਨੇ ਉਨ੍ਹਾਂ ਲੋਕਾਂ ਤੋਂ ਮੁਆਫੀ ਵੀ ਮੰਗੀ ਹੈ, ਜਿਨ੍ਹਾਂ ਨੇ ਐਂਬੂਲੈਂਸਾਂ ਦੀ ਲੰਮੀ ਉਡੀਕ ਕੀਤੀ। ਜਿਨ੍ਹਾਂ ਵਿੱਚ 65 ਸਾਲਾ ਗੇਰਾਰਡ ਬ੍ਰਾਨ, ਗਲਾਸਗੋ ਵੀ ਸ਼ਾਮਲ ਹੈ, ਜਿਸਦੀ ਇਲਾਜ ਲਈ 40 ਘੰਟਿਆਂ ਤੱਕ ਐਂਬੂਲੈਂਸ ਦੀ ਉਡੀਕ ਕਰਦਿਆਂ ਮੌਤ ਹੋ ਗਈ ਸੀ।


Vandana

Content Editor

Related News