ਆਸਟ੍ਰੇਲੀਆਈ ਪੀ.ਐੱਮ. ਨੇ ਯੁੱਧ ਅਪਰਾਧ ਨਾਲ ਜੁੜੇ ਟਵੀਟ ''ਤੇ ਬਿਨਾਂ ਵਜ੍ਹਾ ਕੀਤੀ ਟਿੱਪਣੀ : ਚੀਨੀ ਅਧਿਕਾਰੀ

12/04/2020 6:09:09 PM

ਕੈਨਬਰਾ (ਭਾਸ਼ਾ): ਆਸਟ੍ਰੇਲੀਆ ਵਿਚ ਚੀਨ ਦੇ ਇਕ ਸੀਨੀਅਰ ਡਿਪਲੋਮੈਟ ਨੇ ਕਿਹਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸੋਸ਼ਲ ਮੀਡੀਆ 'ਤੇ ਕਥਿਤ ਯੁੱਧ ਅਪਰਾਧ ਦੀ ਪੋਸਟ ਨੂੰ ਲੋੜ ਤੋਂ ਜ਼ਿਆਦਾ ਮਹੱਤਤਾ ਦਿੱਤੀ। ਮੌਰੀਸਨ ਨੇ ਬੀਤੇ ਸੋਮਵਾਰ ਨੂੰ ਚੀਨ ਸਰਕਾਰ ਨੂੰ ਕਿਹਾ ਸੀ ਕਿ ਉਹ ਉਸ ਵਿਵਾਦਿਤ ਤਸਵੀਰ ਨੂੰ ਟਵੀਟ ਕਰਨ ਲਈ ਮੁਆਫੀ ਮੰਗੇ, ਜਿਸ ਵਿਚ ਇਕ ਆਸਟ੍ਰੇਲੀਆਈ ਸੈਨਿਕ ਕਥਿਤ ਤੌਰ 'ਤੇ ਇਕ ਬੱਚੇ ਦਾ ਕਤਲ ਕਰਦਾ ਦਿਸ ਰਿਹਾ ਹੈ। ਇਸ ਟਵੀਟ ਦੇ ਬਾਅਦ ਚੀਨ ਅਤੇ ਆਸਟ੍ਰੇਲੀਆ ਦਰਮਿਆਨ ਤਣਾਅ ਹੋਰ ਵੱਧ ਗਿਆ। ਚੀਨ ਦੇ ਉਪ ਰਾਜਦੂਤ ਵੈਂਗ ਸ਼ੀਨਿੰਗ ਨੇ ਸ਼ੁੱਕਰਵਾਰ ਨੂੰ ਕਿਹਾ,''ਬਦਕਿਸਮਤੀ ਨਾਲ ਇਹ ਮਾਮਲਾ ਇਸ ਤਰ੍ਹਾਂ ਵਧਿਆ ਕਿ ਮੁੱਦੇ ਤੋਂ ਹੀ ਭਟਕ ਗਿਆ ਅਤੇ ਹੁਣ ਚੀਨ ਵਿਚ 'ਬ੍ਰੇਰੇਟਨ ਰਿਪੋਰਟ' ਕੁਝ ਜ਼ਿਆਦਾ ਹੀ ਲੋਕਪ੍ਰਿਅ ਹੋ ਗਈ ਹੈ।''

ਉਹਨਾਂ ਨੇ ਕਿਹਾ,''ਜ਼ਿਆਦਾਤਰ ਲੋਕਾਂ ਨੂੰ ਪਤਾ ਹੈ ਕਿ ਅਫਗਾਨਿਸਤਾਨ ਵਿਚ ਕੀ ਹੋਇਆ। ਲੋਕ ਹੈਰਾਨ ਹਨ ਕਿ ਇਕ ਰਾਸ਼ਟਰ ਦੇ ਨੇਤਾ ਨੇ ਚੀਨ ਦੇ ਇਕ ਆਮ ਨੌਜਵਾਨ ਕਲਾਕਾਰ ਦੇ ਕੰਮ 'ਤੇ ਅਜਿਹੀ ਪ੍ਰਤੀਕਿਰਿਆ ਦਿੱਤੀ।'' ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜਿਯਾਨ ਨੇ ਪਿਛਲੇ ਦਿਨੀਂ ਇਕ ਗ੍ਰਾਫਿਕ ਤਸਵੀਰ ਟਵੀਟ ਕੀਤੀ, ਜਿਸ ਵਿਚ ਇਕ ਆਸਟ੍ਰੇਲਆਈ ਸੈਨਿਕ ਨੇ ਇਕ ਬੱਚੇ ਦੇ ਗਲੇ 'ਤੇ ਚਾਕੂ ਰੱਖਿਆ ਹੋਇਆ ਸੀ। ਬੱਚੇ ਦੀ ਗੋਦੀ ਵਿਚ ਇਕ ਮੇਮਨਾ ਵੀ ਸੀ। ਝਾਓ ਨੇ ਤਸਵੀਰ ਦੇ ਨਾਲ ਲਿਖਿਆ,''ਆਸਟ੍ਰੇਲੀਆਈ ਸੈਨਿਕਾਂ ਵੱਲੋਂ ਅਫਗਾਨਿਸਤਾਨ ਦੇ ਨਾਗਰਿਕਾਂ ਅਤੇ ਕੈਦੀਆਂ ਦਾ ਕਤਲ ਨਾਲ ਹਰ ਕੋਈ ਹੈਰਾਨ ਹੈ। ਅਸੀਂ ਇਸ ਕਾਰਵਾਈ ਦੀ ਨਿੰਦਾ ਕਰਦੇ ਹਾਂ ਅਤੇ ਇਸ ਦੇ ਲਈ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਕਰਦੇ ਹਾਂ।'' 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ : ਭਾਰਤੀ ਅਧਿਆਪਕ ਨੂੰ ਮਿਲਿਆ 7 ਕਰੋੜ ਰੁਪਏ ਦਾ 'ਗਲੋਬਲ ਟੀਚਰ ਪ੍ਰਾਈਜ਼'

ਮੌਰੀਸਨ ਨੇ ਕਿਹਾ ਸੀ,''ਝਾਓ ਵੱਲੋਂ ਟਵੀਟ ਕੀਤੀ ਗਈ ਤਸਵੀਰ 'ਝੂਠੀ, 'ਅਪਮਾਨਜਨਕ' ਅਤੇ 'ਅਸੰਗਤ' ਹੈ। ਚੀਨ ਦੀ ਸਰਕਾਰ ਨੂੰ ਇਸ ਪੋਸਟ ਦੇ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ। ਇਸ ਨੇ ਦੁਨੀਆ ਦੀਆਂ ਨਜ਼ਰਾਂ ਵਿਚ ਉਸ ਨੂੰ ਡੇਗ ਦਿੱਤਾ ਹੈ।'' ਅਮਰੀਕਾ, ਨਿਊਜ਼ੀਲੈਂਡ ਅਤੇ ਕੈਨੇਡਾ ਦੇ ਅਧਿਕਾਰੀਆਂ ਨੇ ਵੀ ਚੀਨ ਦੇ ਇਸ ਟਵੀਟ ਦੀ ਆਲੋਚਨਾ ਕੀਤੀ ਹੈ। ਇਹ ਪੂਰਾ ਮਾਮਲਾ ਯੁੱਧ ਅਪਰਾਧਾਂ ਨੂੰ ਲੈ ਕੇ ਇਕ ਮਿਲਟਰੀ ਰਿਪੋਰਟ ਨਾਲ ਜੁੜਿਆ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਸ ਗੱਲ ਦੀ ਪੱਕੀ ਜਾਣਕਾਰੀ ਹੈ ਕਿ ਆਸਟ੍ਰੇਲੀਆਈ ਵਿਸ਼ੇਸ਼ ਬਲਾਂ ਦੇ ਮੌਜੂਦਾ ਅਤੇ ਰਿਟਾਇਰਡ ਘੱਟੋ-ਘੱਟ 19 ਸੈਨਿਕਾਂ ਨੇ ਕਥਿਤ ਤੌਰ 'ਤੇ 39 ਅਫਗਾਨਾਂ ਦਾ ਗੈਰ ਕਾਨੂੰਨੀ ਢੰਗ ਨਾਲ ਕਤਲ ਕੀਤਾ ਸੀ।

ਨੋਟ- ਮੌਰੀਸਨ ਦੇ ਟਵੀਟ 'ਤੇ ਪ੍ਰਤੀਕਿਰਿਆ ਕਰਨ ਅਤੇ ਚੀਨੀ ਅਧਿਕਾਰੀ ਦੇ ਬਿਆਨ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana