ਆਸਟ੍ਰੇਲੀਆ ਅਤੇ ਸਿੰਗਾਪੁਰ ਵਿਚਾਲੇ ਜਲਦ ਸ਼ੁਰੂ ਹੋਵੇਗੀ ਹਵਾਈ ਯਾਤਰਾ

06/11/2021 12:39:21 PM

ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਜੀ-7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਦੇਸ਼ ਤੋਂ ਰਵਾਨਾ ਹੋ ਚੁੱਕੇ ਹਨ।ਬੀਤੇ ਕੱਲ੍ਹ ਮਤਲਬ ਵੀਰਵਾਰ ਨੂੰ ਉਹ ਰਸਤੇ ਵਿਚ ਸਿੰਗਾਪੁਰ ਰੁਕੇ। ਇਸ ਦੌਰਾਨ ਮੌਰੀਸਨ ਨੇ ਉਥੋਂ ਦੇ ਪ੍ਰਧਾਨ ਮੰਤਰੀ ਲੀ ਸੀਏਨ ਲੂੰਗ ਨਾਲ ਮੁਲਾਕਾਤ ਕੀਤੀ। ਗੱਲਬਾਤ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਇਹ ਸਹਿਮਤੀ ਹੋਈ ਕਿ ਸਭ ਤੋਂ ਪਹਿਲਾਂ ਸਿੰਗਾਪੁਰ ਤੋਂ ਆਸਟ੍ਰੇਲੀਆ ਆਉਣ ਵਾਲੇ ਵਿਦਿਆਰਥੀਆਂ ਲਈ ਟ੍ਰੈਵਲ ਬਬਲ ਦੀ ਸ਼ੁਰੂਆਤ ਲਈ ਏਜੰਡਾ ਤਿਆਰ ਕੀਤਾ ਜਾਵੇ। ਇਸ ਲਈ ਵੈਕਸੀਨ ਸਰਟੀਫਿਕੇਟਾਂ ਨੂੰ ਹੀ ਮੁੱਖ ਤੌਰ 'ਤੇ ਯਾਤਰਾ ਦੀ ਸ਼ਰਤ ਬਣਾਇਆ ਜਾਵੇ ਤਾਂ ਇਹ ਦੋਹਾਂ ਦੇਸ਼ਾਂ ਲਈ ਹੀ ਬਿਹਤਰੀ ਦਾ ਕੰਮ ਹੋਵੇਗਾ। 

ਪੜ੍ਹੋ ਇਹ ਅਹਿਮ ਖਬਰ- ਬ੍ਰਿਟੇਨ ਦਾ ਐਲਾਨ, ਸਾਲ 2022 ਤੱਕ ਜੀ-7 ਦੇਸ਼ ਕੋਵਿਡ-19 ਦੇ 100 ਕਰੋੜ ਟੀਕੇ ਕਰਨਗੇ ਦਾਨ

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਬੀਤੇ ਇਕ ਸਾਲ ਤੋਂ ਦੋਹਾਂ ਦੇਸ਼ਾਂ ਵਿਚ ਹਵਾਈ ਯਾਤਰਾ ਬੰਦ ਹੈ।ਮੌਰੀਸਨ ਪਿਛਲੇ ਸਾਲ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸ਼ਹਿਰ-ਰਾਜ ਦੀ ਅਧਿਕਾਰਤ ਯਾਤਰਾ ਕਰਨ ਵਾਲੇ ਪਹਿਲੇ ਵਿਦੇਸ਼ੀ ਨੇਤਾ ਹਨ। ਉਹ ਜੀ -7 ਸਿਖਰ ਸੰਮੇਲਨ ਲਈ ਬ੍ਰਿਟੇਨ ਜਾਂਦੇ ਹੋਏ ਸਿੰਗਾਪੁਰ ਵਿਚ ਰੁਕੇ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸਿੰਗਾਪੁਰ ਸਰਕਾਰ ਅਤੇ ਪ੍ਰਸ਼ਾਸਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇੱਥੇ ਕੋਰੋਨਾ ਬੀਮਾਰੀ ਨਾਲ ਬਹੁਤ ਹੀ ਵਧੀਆ ਤਰੀਕਿਆਂ ਅਤੇ ਪੂਰੀ ਤਕਨੀਕ ਨਾਲ ਨਜਿੱਠਿਆ ਗਿਆ ਹੈ। ਜ਼ਿਕਰਯੋਗ ਇਹ ਵੀ ਹੈ ਕਿ ਬੀਤੇ ਇੱਕ ਹਫ਼ਤੇ ਦੌਰਾਨ ਸਿੰਗਾਪੁਰ ਵਿਚ ਸਿਰਫ 4 ਮਰੀਜ਼ ਹੀ ਕੋਰੋਨਾ ਤੋਂ ਪੀੜਤ ਪਾਏ ਗਏ ਅਤੇ ਇੱਥੇ ਕੋਰੋਨਾ ਤੋਂ ਬਚਾਅ ਲਈ ਵੈਕਸੀਨ ਵੀ ਬਹੁਤ ਵਧੀਆ ਤਰੀਕਿਆਂ ਅਤੇ ਵਿਉਂਤਬੰਦੀ ਨਾਲ ਲਗਾਈ ਜਾ ਰਹੀ ਹੈ।

Vandana

This news is Content Editor Vandana