ਸਕਾਟਲੈਂਡ : ਡਰੱਗ ਫੈਕਟਰੀ ਚਲਾਉਣ ਵਾਲਿਆਂ ਨੂੰ ਮਿਲੀ ਸਜ਼ਾ, ਭਾਰੀ ਮਾਤਰਾ 'ਚ ਨਸ਼ੀਲਾ ਪਦਾਰਥ ਕਾਬੂ

07/25/2020 3:40:38 PM

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- ਗਲਾਸਗੋ ਨੇੜਲੇ ਕਸਬੇ ਜੌਨਸਟੋਨ ਵਿਚ ਉਦਯੋਗਿਕ ਪੱਧਰ 'ਤੇ ਚੱਲਦੀ ਡਰੱਗ ਫੈਕਟਰੀ ਚਲਾਉਣ ਦੇ ਦੋਸ਼ 'ਚ ਦੋ ਵਿਅਕਤੀਆਂ ਨੂੰ ਕੈਦ ਸੁਣਾਏ ਜਾਣ ਦਾ ਸਮਾਚਾਰ ਹੈ। ਇਨ੍ਹਾਂ ਵਿਅਕਤੀਆਂ ਕੋਲੋਂ  3,86,000 ਪੌਂਡ ਦੇ ਬਾਜ਼ਾਰੂ ਮੁੱਲ ਦਾ ਨਸ਼ੇ ਦੀਆਂ ਗੋਲੀਆਂ ਬਣਾਉਣ ਵਾਲਾ ਪਾਊਡਰ ਵੀ ਫੜ੍ਹਿਆ ਗਿਆ ਸੀ। ਨਸ਼ਿਆਂ ਦੀ ਇਸ ਫੈਕਟਰੀ ਵਿਚ ਲੱਖਾਂ ਗੋਲੀਆਂ ਬਣਾਉਣ ਵਾਲਿਆਂ ਦੋ ਨੂੰ ਕੁੱਲ ਨੌਂ ਸਾਲਾਂ ਲਈ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਦੋਸ਼ੀ ਜੇਮਜ਼ ਕੈਰਲ (56) ਅਤੇ ਮਾਈਕਲ ਸ਼ੇਕ (35) ਨੇ ਆਪਣੀ ਫੈਕਟਰੀ ਰਾਹੀਂ ਵੱਡੇ ਪੱਧਰ 'ਤੇ ਗੋਲੀਆਂ ਤਿਆਰ ਕੀਤੀਆਂ ਹਨ। ਇਨ੍ਹਾਂ ਨੂੰ ਗਲਾਸਗੋ ਹਾਈ ਕੋਰਟ ਵਿਚ ਏਟਿਜ਼ੋਲਮ ਦੀ ਸਪਲਾਈ ਦੇ ਅਪਰਾਧ ਨੂੰ ਮੰਨਣ ਤੋਂ ਬਾਅਦ ਕੈਦ ਕੀਤਾ ਗਿਆ। ਜ਼ਿਕਰਯੋਗ ਹੈ ਕਿ ਏਟਿਜ਼ੋਲਮ ਦੇ ਸੇਵਨ ਨਾਲ ਯਾਦ ਸ਼ਕਤੀ 'ਤੇ ਅਸਰ ਪੈਂਦਾ ਹੈ ਤੇ ਸੇਵਨ ਕਰਨ ਵਾਲਾ ਨੀਂਦ ਦੀ ਅਵਸਥਾ ਵਿਚ ਚਲਾ ਜਾਂਦਾ ਹੈ। ਮਾਰੂ ਅਸਰ ਵਾਲੀਆਂ ਗੋਲੀਆਂ ਬਣਾਉਣ ਵਾਲੀ ਇਸ ਫੈਕਟਰੀ ਵਿਚ ਲਗਭਗ ਪੌਂਡ 3,86,060 ਮੁੱਲ ਦਾ ਪਾਊਡਰ ਪ੍ਰਾਪਤ ਹੋਇਆ ਸੀ, ਜਿਸ ਤੋਂ ਲਗਭਗ 7,72,137 ਗੋਲੀਆਂ ਦਾ ਉਤਪਾਦਨ ਕਰਨ ਦੀ ਸੰਭਾਵਨਾ ਸੀ। ਇਸ ਦੇ ਨਾਲ ਹੀ 5,425 ਰੈਡੀਮੇਡ ਗੋਲੀਆਂ ਬਰਾਮਦ ਕੀਤੀਆਂ ਗਈਆਂ ਜੋ 2712 ਪੌਂਡ ਦੇ ਮੁੱਲ ਦੀਆਂ ਹਨ।

ਇਸ ਤੋਂ ਇਲਾਵਾ ਹੋਰ ਸਮਾਨ ਦੇ ਨਾਲ ਨਕਦੀ ਵੀ ਜ਼ਬਤ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਸਕਾਟਲੈਂਡ ਵਿਚ ਅਜਿਹੇ ਨਕਲੀ ਤੌਰ 'ਤੇ ਤਿਆਰ ਕੀਤੇ ਨਸ਼ੇ ਨਾਲ ਮੌਤਾਂ ਦੀ ਗਿਣਤੀ ਕਾਫੀ ਉੱਚੀ ਪੱਧਰ 'ਤੇ ਪਾਈ ਜਾ ਰਹੀ ਹੈ।
 

Lalita Mam

This news is Content Editor Lalita Mam