ਸਕਾਟਲੈਂਡ : ਭਾਰਤੀ ਦੂਤਘਰ ਵਲੋਂ ''ਪ੍ਰਵਾਸੀ ਪ੍ਰੋਗਰਾਮ'' ਦਾ ਆਯੋਜਨ

07/31/2019 3:02:45 PM

ਲੰਡਨ, (ਮਨਦੀਪ ਖੁਰਮੀ)— ਸਕਾਟਲੈਂਡ 'ਚ ਵੱਸਦੇ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਜੇ ਆਪਣੀ ਕਰਮਭੂਮੀ ਦੀ ਬਿਹਤਰੀ ਲਈ ਕਾਰਜ ਕੀਤੇ ਹਨ ਤਾਂ ਉਨ੍ਹਾਂ ਜਨਮਭੂਮੀ ਦੀ ਆਰਥਿਕਤਾ ਨੂੰ ਵੀ ਹਮੇਸ਼ਾ ਵੱਡਾ ਹੁਲਾਰਾ ਦਿੱਤਾ ਹੈ। ਸਕਾਟਲੈਂਡ ਵੱਸਦੇ ਭਾਰਤੀ ਨਾਗਰਿਕਾਂ ਨੂੰ ਭਾਰਤ ਸਰਕਾਰ ਜਲਦੀ ਹੀ ਦੋਹਰੀ ਨਾਗਰਿਕਤਾ ਦੀ ਸਹੂਲਤ ਦੇਣ ਜਾ ਰਹੀ ਹੈ। ਜੇਕਰ ਉਹ ਚਾਹੁਣ ਤਾਂ ਦੋਹਰੀ ਨਾਗਰਿਕਤਾ ਵੀ ਰੱਖ ਸਕਦੇ ਹਨ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸਕਾਟਲੈਂਡ ਸਥਿਤ ਭਾਰਤੀ ਦੂਤਘਰ ਵੱਲੋਂ ਗਲਾਸਗੋ ਦੇ ਲੌਰਨ ਹੋਟਲ ਵਿੱਚ “ਸਕਾਟਲੈਂਡ ਵਿੱਚ ਪ੍ਰਵਾਸੀ ਭਾਰਤੀ ਦਿਵਸ' ਨਾਂ ਹੇਠ ਕਰਵਾਏ ਸੈਮੀਨਾਰ ਦੌਰਾਨ ਭਾਰਤੀ ਦੂਤ ਸ਼੍ਰੀਮਤੀ ਅੰਜੂ ਰੰਜਨ ਨੇ ਕੀਤਾ।
 

PunjabKesari

ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਉਨ੍ਹਾਂ ਨੇ ਸਕਾਟਲੈਂਡ 'ਚ ਭਾਰਤੀ ਦੂਤਘਰ ਦੇ ਕੰਮਾਂ, ਨਾਗਰਿਕਾਂ ਤੇ ਦੂਤਘਰ ਦੇ ਆਪਸੀ ਤਾਲਮੇਲ-ਸਹਿਯੋਗ ਅਤੇ ਭਾਰਤੀ ਸਰਕਾਰ ਦੀਆਂ ਅਗਾਊ ਨੀਤੀਆਂ ਤੇ ਯੋਜਨਾਵਾਂ ਬਾਰੇ ਚਾਨਣਾ ਪਾਇਆ। ਇਸ ਤੋਂ ਬਾਅਦ ਗਲਾਸਗੋ ਦੇ ਸਾਬਕਾ ਕੌਂਸਲਰ ਸੋਹਣ ਸਿੰਘ ਰੰਧਾਵਾ ਨੇ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਸਕਾਟਲੈਂਡ ਵਿੱਚ ਭਾਰਤੀ ਸੱਭਿਆਚਾਰ, ਸੰਸਥਾਵਾਂ, ਸਭਾਵਾਂ, ਉਦਯੋਗਪਤੀਆਂ, ਪ੍ਰਭਾਵਸ਼ਾਲੀ ਭਾਰਤੀ ਨਾਗਰਿਕਾਂ ਬਾਰੇ ਜਾਣ ਪਹਿਚਾਣ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਚਾਨਣਾ ਪਾਇਆ। ਇਸ ਤੋਂ ਇਲਾਵਾ ਸਰਵ ਸ੍ਰੀ ਵਿਵੇਕ ਭੱਟਮਿਸ਼ਰਾ, ਭਾਰਤੀ ਐਸੋਸੀਏਸ਼ਨ ਔਰਗਨਾਈਜੇਸ਼ਨ ਸਕਾਟਲੈਂਡ ਦੇ ਮੁਖੀ ਐੱਸ. ਆਰ. ਬਾਘਾ, ਸਾਬਕਾ ਮੁਖੀ ਅੰਮ੍ਰਿਤਪਾਲ ਕੌਸ਼ਲ, ਸਕਾਟਿਸ਼ ਭਾਰਤੀ ਕਲਾ-ਕੇਂਦਰ ਦੇ ਮੁਖੀ ਮਹਿੰਦਰ ਢਾਲ, ਸਿੱਖ ਸੰਯੋਗ ਸਕਾਟਲੈਂਡ ਦੇ ਮੁਖੀ ਓ. ਬੀ. ਈ. ਸ਼੍ਰੀਮਤੀ ਤ੍ਰਿਸ਼ਨਾ ਸਿੰਘ ਨੇ ਆਪਣੀਆਂ ਪ੍ਰਾਪਤੀਆਂ ਤੇ ਕੰਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। 

ਸਕਾਟਲੈਂਡ ਦੇ ਮਸ਼ਹੂਰ ਫੋਟੋਗ੍ਰਾਫਰ ਹਰਮਨ ਰੌਡਰਿਕਸ ਨੇ ਪਿਛਲੇ 30 ਸਾਲਾਂ ਵਿੱਚ ਤਕਰੀਬਨ ਦੁਨੀਆਂ ਦੇ ਹਰ ਕੋਨੇ ਤੋਂ ਖਿੱਚੀਆਂ ਪੰਜਾਹ ਹਜ਼ਾਰ ਤੋਂ ਉੱਪਰ ਤਸਵੀਰਾਂ ਅਤੇ ਉਨ੍ਹਾਂ ਦੀਆਂ ਪ੍ਰਦਰਸ਼ਨੀਆਂ ਬਾਰੇ ਦੱਸਿਆ । ਇਸ ਦੌਰਾਨ ਜੋਤਿਮਾ ਬੈਨਰਜੀ ਅਤੇ ਜੇਤਲ ਜਾਲਾ ਵੱਲੋਂ ਰਿਵਾਇਤੀ ਨਾਚ ਕਲਾਵਾਂ ਪੇਸ਼ ਕੀਤੀਆਂ ਗਈਆਂ। ਅੰਤ ਵਿੱਚ ਸਕਾਟਲੈਂਡ ਭਾਰਤੀ ਦੂਤ ਸ਼੍ਰੀਮਤੀ ਅੰਜੂ ਰੰਜਨ ਵੱਲੋਂ ਸਕਾਟਲੈਂਡ ਵਿੱਚ ਭਾਰਤੀਆਂ ਦੇ ਯੋਗਦਾਨ ਲਈ ਵਿਸ਼ੇਸ਼ ਤੌਰ 'ਤੇ ਸੋਹਣ ਸਿੰਘ ਰੰਧਾਵਾ, ਮੋਹਿੰਦਰ ਢਾਲ, ਐੱਸ ਆਰ ਬਾਘਾ ਅਤੇ ਸ਼੍ਰੀਮਤੀ ਤ੍ਰਿਸ਼ਨਾ ਸਿੰਘ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਸਨਮਾਨਿਤ ਕੀਤਾ ਗਿਆ। ਸਟੇਜ ਸੰਚਾਲਨ ਰਸ਼ਮੀ ਸਚਾਨੇ ਅਤੇ ਕਿਰਨ ਭਾਮਾ ਨੇ ਬਾਖੂਬੀ ਨਿਭਾਇਆ।


Related News