ਸੈਂਟਰਲ ਗੁਰਦੁਆਰਾ ਸਿੰਘ ਸਭਾ ਪੰਜਾਬੀ ਅਕਾਦਮੀ ਗਲਾਸਗੋ ਵਿਖੇ ਸਨਮਾਨ ਸਮਾਰੋਹ ਆਯੋਜਿਤ

12/10/2019 4:26:56 PM

ਲੰਡਨ/ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੇ ਸਭ ਤੋਂ ਵੱਡੇ ਗੁਰਦੁਆਰਾ ਸਾਹਿਬ ਵਜੋਂ ਪ੍ਰਚਾਰਿਤ ਸੈਂਟਰਲ ਗੁਰਦੁਆਰਾ ਸਿੰਘ ਸਭਾ ਗਲਾਸਗੋ ਵਿਖੇ ਬੱਚਿਆਂ ਨੂੰ ਪੰਜਾਬੀਅਤ ਨਾਲ ਜੋੜੀ ਰੱਖਣ ਲਈ ਗਤੀਵਿਧੀਆਂ ਅਕਸਰ ਹੀ ਹੁੰਦੀਆਂ ਰਹਿੰਦੀਆਂ ਹਨ। ਸਫ਼ਲਤਾ ਪੂਰਵਕ ਨੇਪਰੇ ਚੜ੍ਹੇ ਦੋ ਰੋਜ਼ਾ ਸਮਾਗਮਾਂ ਦੇ ਪਹਿਲੇ ਦਿਨ 'ਸਿੱਖੀ ਟੂ ਇਨਸਪਾਇਰ' ਸੰਸਥਾ ਵੱਲੋਂ ਗਿਆਨੀ ਸੁਖਰਾਜ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। 130 ਦੇ ਲਗਭਗ ਬੱਚਿਆਂ ਤੇ ਬਾਲਗਾਂ ਨੇ ਹਿੱਸਾ ਲੈਂਦਿਆਂ ਸਿੱਖ ਵਿਦਵਾਨਾਂ ਕੋਲੋਂ ਦੇਗ ਬਨਾਉਣ, ਸਿੱਖ ਇਤਿਹਾਸ, ਸਿੱਖ ਰਹਿਤ ਮਰਿਆਦਾ ਸਮੇਤ ਹੋਰ ਬਹੁਤ ਸਾਰੀ ਅਮੁੱਲੀ ਜਾਣਕਾਰੀ ਹਾਸਲ ਕੀਤੀ। 

ਭਾਈ ਸਾਹਿਬ ਗੁਰਸ਼ੇਰ ਸਿੰਘ ਵੱਲੋਂ ਬੱਚਿਆਂ ਨੂੰ ਦੁਮਾਲੇ ਅਤੇ ਕੇਸਕੀ ਸਜਾਉਣ ਦੀ ਸਿਖਲਾਈ ਦਿੱਤੀ ਗਈ। ਸ਼ੰਕਾ ਨਵਿਰਤੀ ਲਈ ਗਿਆਨੀ ਸੁਖਰਾਜ ਸਿੰਘ ਵੱਲੋਂ ਹਾਜਰੀਨ ਦੇ ਪੁੱਛੇ ਸਵਾਲਾਂ ਦੇ ਜਵਾਬ ਦਿੱਤੇ ਗਏ। ਸਮਾਗਮ ਦੇ ਦੂਜੇ ਦਿਨ ਇਸੇ ਗੁਰੂਘਰ ਅਧੀਨ ਚੱਲਦੇ ਸੈਂਟਰਲ ਗੁਰਦੁਆਰਾ ਸਿੰਘ ਸਭਾ ਪੰਜਾਬੀ ਅਕਾਦਮੀ ਸਕੂਲ ਵੱਲੋਂ ਪੰਜਾਬੀ ਦੇ ਇਮਤਿਹਾਨਾਂ ਵਿੱਚ ਵਧੀਆ ਕਾਰਗੁਜ਼ਾਰ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਹਿਤ ਵਿਸ਼ਾਲ ਸਮਾਗਮ ਦਾ ਆਯੋਜਨ ਕੀਤਾ ਗਿਆ।

ਸਕੂਲ ਪ੍ਰਮੁੱਖ ਬੀਬੀ ਅਮਰਜੀਤ ਕੌਰ, ਸਤਬਿੰਦਰ ਕੌਰ ਸੰਧੂ, ਕਮਲਜੀਤ ਕੌਰ, ਪਰਮਜੀਤ ਕੌਰ, ਗੁੰਜਨ ਕੌਰ, ਮਨਪ੍ਰੀਤ ਕੌਰ, ਸੁਰਿੰਦਰ ਕੌਰ ਪੱਡਾ, ਰਵਿੰਦਰ ਸਿੰਘ, ਨਸੀਬ ਸਿੰਘ, ਭੁਪਿੰਦਰ ਕੌਰ, ਸੁਖਜੋਤ ਕੌਰ ਗੋਸਲ, ਸਰਬਜੀਤ ਕੌਰ ਢਿੱਲੋਂ, ਸਰਬਜੀਤ ਕੌਰ ਅਧਿਆਪਕਾਂ ਦੀ ਮਿਹਨਤ ਸਦਕਾ ਏ ਐੱਸ ਲੈਵਲ, ਏ ਲੈਵਲ ਅਤੇ ਜੀ ਸੀ ਐੱਸ ਈ ਪਾਸ ਕਰਨ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹਾਂ ਨਾਲ ਨਿਵਾਜਿਆ ਗਿਆ।

ਸਨਮਾਨ ਸਮਾਰੋਹ ਦੌਰਾਨ ਬੋਲਦਿਆਂ ਸ੍ਰੀਮਤੀ ਅਮਰਜੀਤ ਕੌਰ ਨੇ ਕਿਹਾ ਕਿ ਉਹਨਾਂ ਦੇ ਸਾਰੇ ਸਾਥੀ ਅਧਿਆਪਕਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੇ ਮਾਪੇ ਆਪਣੇ ਕੀਮਤੀ ਸਮੇਂ ਵਿਚੋਂ ਵਿਹਲ ਕੱਢ ਕੇ ਬੱਚੇ ਉਹਨਾਂ ਕੋਲ ਪੜ੍ਹਨ ਭੇਜਦੇ ਹਨ, ਉਹਨਾਂ ਬੱਚਿਆਂ ਨੂੰ ਪੂਰੀ ਲਗਨ ਨਾਲ ਪੰਜਾਬੀ ਵਿੱਚ ਨਿਪੁੰਨ ਕਰਨ ਲਈ ਪੂਰੀ ਵਾਹ ਲਗਾਈ ਜਾਵੇ। ਇਸੇ ਮਿਹਨਤ ਦਾ ਹੀ ਨਤੀਜ਼ਾ ਹੈ ਕਿ ਸਕੂਲ ਦੇ ਬੱਚਿਆਂ ਨੇ ਇਹਨਾਂ ਇਮਤਿਹਾਨਾਂ ਵਿੱਚ ਮਾਣਮੱਤੀਆਂ ਪ੍ਰਾਪਤੀਆਂ ਦਰਜ਼ ਕੀਤੀਆਂ ਹਨ। 

ਗੁਰੂਘਰ ਕਮੇਟੀ ਦੇ ਮੁੱਖ ਸੇਵਾਦਾਰਾਂ ਸੁਰਜੀਤ ਸਿੰਘ ਚੌਧਰੀ (ਐੱਮ ਬੀ ਈ), ਨਿਰੰਜਨ ਸਿੰਘ ਬਿਨਿੰਗ, ਗੁਰਨਾਮ ਸਿੰਘ ਧਾਮੀ, ਡਾ: ਇੰਦਰਜੀਤ ਸਿੰਘ, ਮੇਲਾ ਸਿੰਘ ਧਾਮੀ, ਬਲਦੇਵ ਸਿੰਘ ਪੱਡਾ, ਜਸਪਾਲ ਸਿੰਘ ਖਹਿਰਾ, ਪਰਮਜੀਤ ਸਿੰਘ ਸਮਰਾ ਦੀ ਦੇਖਰੇਖ ਹੇਠ ਹੋਏ ਇਹਨਾਂ ਸਮਾਗਮਾਂ ਵਿੱਚ ਭਾਰੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲੈ ਕੇ ਆਨੰਦ ਮਾਣਿਆ।

Vandana

This news is Content Editor Vandana