ਸਕਾਟਲੈਂਡ ''ਚ ਬਰਫ਼ਬਾਰੀ ਨੇ ਪ੍ਰਭਾਵਿਤ ਕੀਤੀ ਘਰਾਂ ਵਿਚਲੀ ਪਾਣੀ ਦੀ ਸਪਲਾਈ

02/14/2021 3:06:37 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਵਿੱਚ ਭਾਰੀ ਬਰਫ਼ਬਾਰੀ ਨੇ ਖੇਤਰ ਵਿਚਲੇ ਕਈ ਕੰਮਕਾਰਾਂ ਨੂੰ ਪ੍ਰਭਾਵਿਤ ਕੀਤਾ ਹੈ ,ਜਿਹਨਾਂ ਵਿੱਚ ਘਰਾਂ ਵਿਚਲੇ ਪਾਣੀ ਦੀ ਸਪਲਾਈ ਵੀ ਪ੍ਰਮੁੱਖ ਹੈ। ਸਕਾਟਲੈਂਡ ਦੇ ਇਨਵਰਕਲਾਈਡ ਵਿੱਚ ਹਜ਼ਾਰਾਂ ਘਰ ਲੌਕ ਥੌਮ ਵਿਖੇ ਗ੍ਰੀਨੋਕ ਵਾਟਰ ਟ੍ਰੀਟਮੈਂਟ ਵਰਕਸ ਪਲਾਂਟ ਵਿੱਚ ਬਰਫ ਜੰਮਣ ਕਾਰਨ ਹੋਈ ਰੁਕਾਵਟ ਕਰਕੇ ਪਾਣੀ ਦੇ ਵਿਘਨ ਦਾ ਸਾਹਮਣਾ ਕਰ ਰਹੇ ਹਨ। 

ਇਸ ਸੰਬੰਧੀ ਸਕਾਟਿਸ਼ ਵਾਟਰ ਵਿਭਾਗ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪਾਣੀ ਦੇ ਪਲਾਂਟ ਨੂੰ ਸਾਫ ਕਰਨ ਲਈ ਗੋਤਾਖੋਰਾਂ ਨੂੰ ਤਾਇਨਾਤ ਕਰਨ ਦੇ ਨਾਲ ਹੋਰ ਉਪਾਵਾਂ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ। ਪਾਣੀ ਦੇ ਪਲਾਂਟ ਵਿੱਚ ਪਈ ਇਸ ਰੁਕਾਵਟ ਕਰਕੇ ਗ੍ਰੀਨੋਕ, ਗੌਰੋਕ, ਇਨਵਰਕਿਪ, ਵੇਮਿਸ ਬੇਅ ਅਤੇ ਸਕੈਲਮੌਰਲੀ ਵਿੱਚ ਤਕਰੀਬਨ 13,000 ਘਰਾਂ ਅਤੇ ਕਾਰੋਬਾਰਾਂ ਲਈ ਸਪਲਾਈ ਪ੍ਰਭਾਵਿਤ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਦੇ ਹਾਈਵੇਅ 11 'ਤੇ ਪਲਟਿਆ ਟਰੱਕ, ਨੌਜਵਾਨ ਪੰਜਾਬੀ ਡਰਾਈਵਰ ਦੀ ਮੌਤ

ਇਸ ਸਮੱਸਿਆ ਨੂੰ ਦੂਰ ਕਰਨ ਲਈ ਇੰਜੀਨੀਅਰਾਂ ਨੇ ਵਾਟਰ ਟ੍ਰੀਟਮੈਂਟ ਵਰਕਸ ਦੁਆਰਾ ਪਾਣੀ ਸਪਲਾਈ ਕੀਤੇ ਜਾਂਦੇ ਖੇਤਰ ਨੂੰ ਘੱਟ ਤੋਂ ਘੱਟ ਕਰਨ ਲਈ ਇਸਦੇ ਨੈਟਵਰਕ ਦਾ ਪੁਨਰਗਠਨ ਕੀਤਾ ਹੈ। ਇਸਦੇ ਇਲਾਵਾ ਸਕਾਟਿਸ਼ ਵਾਟਰ ਦੇ ਇਕ ਬੁਲਾਰੇ ਅਨੁਸਾਰ ਵਿਭਾਗ ਦੀ ਟੀਮ ਗ੍ਰੀਨੋਕ ਵਾਟਰ ਟ੍ਰੀਟਮੈਂਟ ਵਰਕਸ ਵਿਖੇ ਜਮ੍ਹਾਂ ਕੀਤੇ ਗਏ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਬਹਾਲ ਕਰਨ ਲਈ ਦਿਨ ਭਰ ਕੰਮ ਕਰ ਰਹੇ ਹਨ।

Vandana

This news is Content Editor Vandana