ਸਕਾਟਲੈਂਡ: ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਨੇ 20ਵਾਂ ਵਰ੍ਹੇਗੰਢ ਸਮਾਗਮ ਸ਼ਾਨੋ-ਸ਼ੌਕਤ ਨਾਲ ਮਨਾਇਆ (ਤਸਵੀਰਾਂ)

05/10/2022 12:57:17 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਲੈਂਡ ਦੀ ਵੱਕਾਰੀ ਸੰਸਥਾ ਵਜੋਂ ਪ੍ਰਸਿੱਧ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਸੰਨ 2000 ਵਿੱਚ ਹੋਂਦ ‘ਚ ਆਇਆ ਸੀ। ਕੋਵਿਡ ਤਾਲਾਬੰਦੀਆਂ ਕਰਕੇ 20ਵੀਂ ਵਰ੍ਹੇਗੰਢ ਸਮਾਗਮ ਕੈਂਸਲ ਹੁੰਦੇ ਰਹੇ। ਉਸੇ ਸਮਾਗਮ ਨੂੰ ਮਨਾਉਣ ਹਿਤ ਕਰਾਊਨ ਪਲਾਜਾ ਗਲਾਸਗੋ ਵਿਖੇ ਏਸ਼ੀਅਨ ਭਾਈਚਾਰੇ ਦੇ ਲੋਕਾਂ ਨੇ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ। ਗਰੁੱਪ ਦੀ ਕਮੇਟੀ ਫਾਊਂਡਰ ਤੇ ਚੇਅਰ ਸ੍ਰੀਮਤੀ ਆਦਰਸ਼ ਖੁੱਲਰ, ਸੈਕਟਰੀ ਸ੍ਰੀਮਤੀ ਬ੍ਰਿਜ ਗਾਂਧੀ MBE, ਖਜਾਨਚੀ ਸ੍ਰੀਮਤੀ ਨਿਰਮਲ ਮਰਵਾਹਾ ਸਮੇਤ ਸਮੂਹ ਮੈਂਬਰਾਨ ਦੀ ਮਿਹਨਤ ਦਾ ਨਤੀਜਾ ਸੀ ਕਿ ਸਮਾਗਮ ਵਿੱਚ ਐਨਾ ਇਕੱਠ ਸੀ ਕਿ ਤਿਲ ਸੁੱਟਣ ਨੂੰ ਵੀ ਥਾਂ ਨਾ ਰਹੀ। ਦੇਰ ਰਾਤ ਤੱਕ ਚੱਲੇ ਇਸ ਸਮਾਗਮ ਦੀ ਸ਼ੁਰੂਆਤ ਆਦਰਸ਼ ਖੁੱਲਰ ਦੇ ਸੁਆਗਤੀ ਬੋਲਾਂ ਨਾਲ ਹੋਈ। ਜਿਸ ਦੌਰਾਨ ਉਹਨਾਂ ਸਕਾਟਿਸ਼ ਏਸ਼ੀਅਨ ਏਕਤਾ ਗਰੁੱਪ ਦੇ ਕੀਤੇ ਹੋਏ ਕੰਮਾਂ ਨੂੰ ਹਾਜਰੀਨ ਨਾਲ ਸਾਂਝਾ ਕਰਦਿਆਂ ਦਿੱਤੇ ਹੋਏ ਸਹਿਯੋਗ ਦਾ ਧੰਨਵਾਦ ਕੀਤਾ।

ਇਸ ਉਪਰੰਤ ਗਲਾਸਗੋ ਦੀ ਸਾਬਕਾ ਲੌਰਡ ਪ੍ਰੋਵੋਸਟ ਲਿਜ ਕੈਮਰਨ ਨੇ ਗਰੁੱਪ ਵਲੋਂ ਕੀਤੇ ਕੰਮਾਂ ਦੀ ਸ਼ਾਬਾਸ਼ ਦਿੰਦਿਆਂ ਭਵਿੱਖ ਵਿੱਚ ਵੀ ਸਾਥ ਦੇਣ ਦਾ ਵਾਅਦਾ ਕੀਤਾ। ਸਕਾਟਿਸ਼ ਪਾਰਲੀਮੈਂਟ ਵਿੱਚ ਪਹਿਲੀ ਭਾਰਤੀ, ਪਹਿਲੀ ਸਿੱਖ ਔਰਤ ਵਜੋ MSP ਪੈਮ ਗੋਸਲ ਨੇ ਵੀ ਨਾਰੀ ਸ਼ਕਤੀ ਦੀ ਤਾਰੀਫ ਕਰਦਿਆਂ ਭਾਵਪੂਰਤ ਵਿਚਾਰ ਪੇਸ਼ ਕੀਤੇ। ਕੌਂਸਲ ਜਨਰਲ ਆਫ ਇੰਡਿਆ ਐਡਿਨਬਰਾ ਬਿਜੇ ਸੇਲਵਰਾਜ ਨੇ ਵੀ ਗਰੁੱਪ ਨਾਲ਼ ਜੁੜੇ ਹਰ ਸ਼ਖ਼ਸ ਨੂੰ ਇਸ ਸਫਲ ਸਮਾਗਮ ਦੀ ਹਾਰਦਿਕ ਵਧਾਈ ਪੇਸ਼ ਕੀਤੀ। ਸਮਾਗਮ ਦੌਰਾਨ ਹੋਏ ਰੰਗਾਰੰਗ ਪ੍ਰੋਗਰਾਮ ਵਿੱਚ ਹਾਈਲੈਂਡ ਡਾਂਸਰਜ ਵੱਲੋਂ ਸਕਾਟਲੈਂਡ ਦੇ ਰਵਾਇਤੀ ਨਾਚ ਦੀ ਸਾਂਝ ਪਾਈ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਸਿੱਖ ਰਾਈਡਰਜ ਵੱਲੋਂ ਟੈਕਸਾਸ ਵਿਖੇ ਅੱਠਵੀ ਸਲਾਨਾ 'ਬਾਈਕ ਰੈਲੀ' ਯਾਦਗਾਰੀ ਹੋ ਨਿਬੜੀ (ਤਸਵੀਰਾਂ)

ਇਸ ਸਮੇਂ ਹੋਈ ਰਾਜਸਥਾਨੀ ਨਾਚ ਦੀ ਪੇਸ਼ਕਾਰੀ ਨੇ ਮੇਲਾ ਲੁੱਟ ਲਿਆ ਤੇ ਦਰਸ਼ਕਾਂ ਦੀ ਖ਼ੂਬ ਵਾਹ ਵਾਹ ਖੱਟੀ। ਯੂਕੇ ਦੇ ਹੀ ਜੰਮਪਲ ਨੌਜਵਾਨ ਗਾਇਕ ਨਵੀਨ ਕੁੰਦਰਾ ਨੇ ਆਪਣੇ ਗੀਤਾਂ ਰਾਹੀਂ ਹਰ ਕਿਸੇ ਨੂੰ ਨੱਚਣ ਤੇ ਤਾੜੀਆਂ ਮਾਰਨ ਲਈ ਮਜਬੂਰ ਕੀਤਾ। ਨਵੀਨ ਕੁੰਦਰਾ ਦੀ ਪੇਸ਼ਕਾਰੀ ਇਸ ਸਮਾਗਮ ਦਾ ਸਿਖਰ ਹੋ ਨਿੱਬੜੀ। ਗਲਾਸਗੋ ਦੇ ਉੱਘੇ ਕਾਰੋਬਾਰੀ ਸੋਹਣ ਸਿੰਘ ਰੰਧਾਵਾ ਨੇ ਸ਼ਿਵ ਕੁਮਾਰ ਬਟਾਲਵੀ ਜੀ ਦੀ ਰਚਨਾ ‘ਸ਼ਿਕਰਾ’ ਤਰੰਨੁਮ ‘ਚ ਗਾਕੇ ਰੰਗ ਬੰਨ੍ਹਿਆ।ਸਮਾਗਮ ਦੇ ਅਖੀਰ ਵਿੱਚ ਗਰੁੱਪ ਦੀ ਸਕੱਤਰ ਸ੍ਰੀਮਤੀ ਬ੍ਰਿਜ ਗਾਂਧੀ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਅੱਗੇ ਤੋਂ ਵੀ ਸਹਿਯੋਗ ਦਿੰਦੇ ਰਹਿਣ ਦੀ ਉਮੀਦ ਪ੍ਰਗਟਾਈ।

Vandana

This news is Content Editor Vandana