ਸਕਾਟਲੈਂਡ ਦੇ ਸਕੂਲਾਂ ''ਚ ਹੁੰਦੀਆਂ ਹਜ਼ਾਰਾਂ ਨਸਲੀ ਘਟਨਾਵਾਂ ਤੋਂ ਸਮਾਜਿਕ ਸੰਸਥਾਵਾਂ ਚਿੰਤਤ

01/07/2021 2:09:02 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਅਜੋਕੇ ਸਮੇਂ ਵਿੱਚ ਵੀ ਨਸਲਵਾਦ ਅਜੇ ਤੱਕ ਪੂਰੀ ਖਤਮ ਨਹੀਂ ਹੋਇਆ ਹੈ। ਸੰਸਾਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੋਕ ਨਸਲ ਦੇ ਆਧਾਰ 'ਤੇ ਵਿਤਕਰੇ ਦਾ ਸ਼ਿਕਾਰ ਹੁੰਦੇ ਹਨ। ਸਕਾਟਲੈਂਡ ਵੀ ਇਸ ਅਲਾਮਤ ਤੋਂ ਵਾਂਝਾ ਨਹੀਂ ਰਿਹਾ ਹੈ। ਨਸਲੀ ਵਿਤਕਰੇ ਦੀਆਂ ਘਟਨਾਵਾਂ ਸਕਾਟਿਸ਼ ਸਕੂਲਾਂ ਵਿੱਚ ਵੀ ਵੇਖਣ ਨੂੰ ਮਿਲੀਆਂ ਹਨ। ਇਸ ਮਾਮਲੇ ਦੇ ਸੰਬੰਧ ਵਿੱਚ ਸਕਾਟਲੈਂਡ ਦੀਆਂ ਸੰਸਥਾਵਾਂ ਵੱਲੋਂ ਕਲਾਸਰੂਮਾਂ ਵਿੱਚ ਨਸਲਵਾਦੀ ਸ਼ੋਸ਼ਣ ਦਾ ਸ਼ਿਕਾਰ ਬਣ ਰਹੇ ਵਿਦਿਆਰਥੀਆਂ ਲਈ ਪ੍ਰਸ਼ਾਸਨ ਅਤੇ ਸੰਸਥਾਵਾਂ ਵੱਲੋਂ ਦਖਲ ਅੰਦਾਜ਼ੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। 

ਪਿਛਲੇ ਤਿੰਨ ਸਾਲਾਂ ਦੌਰਾਨ ਸਕੂਲਾਂ ਵਿੱਚ 2,200 ਤੋਂ ਵੱਧ ਘਟਨਾਵਾਂ ਵਾਪਰਨ ਤੋਂ ਬਾਅਦ ਜਾਤੀਵਾਦ ਦੀ ਧੱਕੇਸ਼ਾਹੀ ਨੂੰ ਰੋਕਣ ਅਤੇ ਦੁਰਵਰਤੋਂ ਦੀ ਲਾਜ਼ਮੀ ਨਿਗਰਾਨੀ ਨੂੰ ਲਾਗੂ ਕਰਨ ਦੀ ਲੋੜ ਨੂੰ ਜ਼ਾਹਰ ਕੀਤਾ ਗਿਆ ਹੈ। ਸਕਾਟਿਸ਼ ਲਿਬਰਲ ਡੈਮੋਕਰੇਟਸ (ਲਿਬ ਡੈਮ) ਦੁਆਰਾ ਕੀਤੀ "ਫਰੀਡਮ ਆਫ ਇਨਫਰਮੇਸ਼ਨ" ਦੀ ਬੇਨਤੀ ਨਾਲ 2017-18 ਅਤੇ 2019-20 ਦੇ ਵਿਦਿਅਕ ਸਾਲਾਂ ਦੌਰਾਨ ਸਕੂਲਾਂ ਵਿੱਚ ਨਸਲਵਾਦ ਦੇ ਘੱਟੋ ਘੱਟ 2,251 ਮਾਮਲੇ ਸਾਹਮਣੇ ਆਏ ਹਨ, ਜਿਹਨਾਂ ਵਿੱਚੋਂ ਗਲਾਸਗੋ ਸਿਟੀ ਕੌਂਸਲ ਨੂੰ ਸਭ ਤੋਂ ਵੱਧ 642, ਜਦੋਂ ਕਿ ਐਡੀਨਬਰਾ ਵਿੱਚ 490 ਰਿਪੋਰਟਾਂ ਮਿਲੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਟਰੰਪ ਦਾ ਟਵਿੱਟਰ ਅਕਾਊਂਟ 12 ਘੰਟੇ ਲਈ ਬਲਾਕ, FB ਨੇ ਹਟਾਏ ਵੀਡੀਓ

ਇਸ ਦੇ ਇਲਾਵਾ ਓਰਕਨੀ ਵਿੱਚ ਸਭ ਤੋਂ ਹੇਠਲੇ ਪੱਧਰ ਦੀਆਂ ਘਟਨਾਵਾਂ ਦਰਜ ਹੋਣ ਦੇ ਨਾਲ ਪੱਛਮੀ ਲੋਥੀਅਨ, ਹਾਈਲੈਂਡ ਅਤੇ ਫਾਲਕਿਰਕ ਕੌਂਸਲਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।ਇਸ ਸੰਬੰਧੀ ਲਿਬ ਡੈਮ ਵੱਲੋਂ ਬਿਟਰਾਈਸ ਵਿਹਾਰਟ ਦੇ ਮੁਤਾਬਕ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਸਲੀ ਜਾਤੀ ਦੇ ਸ਼ੋਸ਼ਣ ਦਾ ਡਰ ਨਹੀ ਹੋਣਾ ਚਾਹੀਦਾ ਪਰ ਅੰਕੜੇ ਦਰਸਾਉਂਦੇ ਹਨ ਕਿ ਨਸਲੀ ਘਟਨਾਵਾਂ ਸਕਾਟਲੈਂਡ ਦੀ ਸਕੂਲੀ ਪੜ੍ਹਾਈ ਉੱਤੇ ਦਾਗ ਹਨ। ਇਸ ਤਰ੍ਹਾਂ ਦੀ ਧੱਕੇਸ਼ਾਹੀ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਦੀ ਲੋੜ ਹੈ ਜਿਸ ਲਈ ਧੱਕੇਸ਼ਾਹੀ ਦੀ ਸਹੀ ਰਿਕਾਡਿੰਗ ਅਤੇ ਨਿਗਰਾਨੀ ਦੀ ਜਰੂਰਤ ਦੇ ਨਾਲ ਚੈਰਿਟੀ ਸੰਸਥਾਵਾਂ ਨੇ ਕਲਾਸਰੂਮਾਂ ਵਿੱਚ ਸਮੱਸਿਆ ਦੀ ਪਛਾਣ ਕਰਨ ਵਿੱਚ ਅਧਿਆਪਕਾਂ ਦੀ ਸਹਾਇਤਾ ਲਈ ਵੀ ਮੰਗ ਕੀਤੀ ਹੈ। ਇਸ ਸਮੱਸਿਆ ਦੇ ਹੱਲ ਲਈ ਸਕਾਟਿਸ਼ ਸਰਕਾਰ ਮੁਤਾਬਕ ਸਕੂਲਾਂ ਵਿਚ ਨਸਲਵਾਦ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਚੁਣੌਤੀ ਦੇਣ ਲਈ ਰਿਸਪੈਕਟ ਮੀ, ਨੈਸ਼ਨਲ ਐਂਟੀ-ਬੁਲਿੰਗ ਸਰਵਿਸ, ਅਤੇ ਨਸਲੀ ਇਕਸਾਰਤਾ ਲਈ ਗਠਜੋੜ ਦੀ ਸ਼ੁਰੂਆਤ ਕੀਤੀ ਹੈ।

ਨੋਟ- ਸਕਾਟਲੈਂਡ ਦੇ ਸਕੂਲਾਂ 'ਚ ਹੁੰਦੀਆਂ ਹਜ਼ਾਰਾਂ ਨਸਲੀ ਘਟਨਾਵਾਂ ਤੋਂ ਸਮਾਜਿਕ ਸੰਸਥਾਵਾਂ ਚਿੰਤਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।

Vandana

This news is Content Editor Vandana