ਸਕਾਟਲੈਂਡ : ਖਾਲਸਾ ਸਾਜਨਾ ਦਿਵਸ ਸਬੰਧੀ ਤਿੰਨ ਰੋਜ਼ਾ ਧਾਰਮਿਕ ਸਮਾਗਮ ਸੰਪੰਨ

04/19/2022 3:57:35 PM

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) : ਸਕਾਟਲੈਂਡ ਦੇ ਸ਼ਹਿਰ ਗਲਾਸਗੋ ’ਚ ਧਾਰਮਿਕ ਸਰਗਰਮੀਆਂ ਮੁੜ ਜ਼ੋਰ ਫੜ ਰਹੀਆਂ ਹਨ। ਵਿਸਾਖੀ ਅਤੇ ਖ਼ਾਲਸਾ ਸਾਜਨਾ ਦਿਵਸ ਦੇ ਜਸ਼ਨਾਂ ਨੂੰ ਗੁਰਬਾਣੀ ਦਾ ਓਟ ਆਸਰਾ ਲੈ ਕੇ ਮਨਾਉਣ ਹਿੱਤ ਵੱਖ-ਵੱਖ ਗੁਰੂਘਰਾਂ ਵਿਚ ਧਾਰਮਿਕ ਸਮਾਗਮ ਕਰਵਾਏ ਗਏ। ਗੁਰੂ ਨਾਨਕ ਸਿੱਖ ਗੁਰਦੁਆਰਾ ਓਟੈਗੋ ਸਟ੍ਰੀਟ ਵਿਖੇ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰੂਘਰ ਕਮੇਟੀ ਦੇ ਬਾਨੀ ਮੋਢੀਆਂ ’ਚੋਂ ਇਕ ਸਵ. ਨਿਹਾਲ ਸਿੰਘ ਭੰਮਰਾ ਤੇ ਸਵ. ਮਾਤਾ ਸੁਰਜੀਤ ਕੌਰ ਭੰਮਰਾ  ਦੇ ਪਰਿਵਾਰ ਵੱਲੋਂ ਕਰਵਾਏ ਗਏ। ਇਨ੍ਹਾਂ ਸਮਾਗਮਾਂ ਦੌਰਾਨ ਤਿੰਨੋਂ ਦਿਨ ਹੀ ਸੰਗਤਾਂ ਵੱਲੋਂ ਹਾਜ਼ਰੀ ਭਰੀ ਜਾਂਦੀ ਰਹੀ।

ਸਮਾਗਮ ਦੇ ਆਖ਼ਰੀ ਦਿਨ ਗੁਰੂਘਰ ਦੇ ਵਜ਼ੀਰ ਭਾਈ ਅਰਵਿੰਦਰ ਸਿੰਘ, ਭਾਈ ਤੇਜਵੰਤ ਸਿੰਘ ਵੱਲੋਂ ਰਸਭਿੰਨੇ ਕੀਰਤਨ ਰਾਹੀਂ ਹਾਜ਼ਰੀ ਲਗਵਾਈ ਗਈ। ਉਨ੍ਹਾਂ ਵੱਲੋਂ ਗਾਇਨ ਕੀਤੀ ਆਰਤੀ ਤੇ ਸੰਗਤਾਂ ਵੱਲੋਂ ਕੀਤੀ ਫੁੱਲਾਂ ਦੀ ਵਰਖਾ ਅਲੌਕਿਕ ਨਜ਼ਾਰਾ ਪੇਸ਼ ਕਰ ਗਈ। ਇਸ ਸਮੇਂ ਜਿਥੇ ਭਾਈ ਹਰਦੀਪ ਸਿੰਘ ਸੋਢੀ ਤੇ ਸਨਦੀਪ ਸਿੰਘ ਦੀਹਰੇ ਵੱਲੋਂ ਕੀਰਤਨ ਰਾਹੀਂ ਸਾਂਝ ਪਾਈ ਗਈ, ਉੱਥੇ ਹੀ ਗਾਇਕ ਕਰਮਜੀਤ ਮੀਨੀਆਂ ਵੱਲੋਂ ‘ਦਸਮੇਸ਼ ਪਿਤਾ ਸਿੱਖੀ ਦਾ ਮਹਿਲ ਬਣਾ ਚੱਲਿਆ’ ਗੀਤ ਰਾਹੀਂ ਇਸ ਸਮਾਗਮ ਦਾ ਹਿੱਸਾ ਬਣਿਆ ਗਿਆ।

ਇਸ ਸਮੇਂ ਸ੍ਰੀ ਨਿਸ਼ਾਨ ਸਾਹਿਬ ਦੀ ਸੇਵਾ ਦੌਰਾਨ ਚੋਲਾ ਚੜ੍ਹਾਉਣ ਦੀ ਰਸਮ ਵੀ ਅਦਾ ਕੀਤੀ ਗਈ। ਸਮਾਗਮ ਦੀ ਸਫਲਤਾ ਸਬੰਧੀ ਮੁੱਖ ਸੇਵਾਦਾਰ ਭੁਪਿੰਦਰ ਸਿੰਘ ਬਰ੍ਹਮੀ, ਮੀਤ ਪ੍ਰਧਾਨ ਜਸਵੀਰ ਸਿੰਘ ਬਮਰਾਹ, ਸਕੱਤਰ ਸਰਦਾਰਾ ਸਿੰਘ ਜੰਡੂ, ਸੋਹਣ ਸਿੰਘ ਸੋਂਦ, ਹਰਜੀਤ ਸਿੰਘ ਗਾਬੜੀਆ, ਹੈਰੀ ਮੋਗਾ ਆਦਿ ਸਮੇਤ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਕਾਟਲੈਂਡ ਦੇ ਵੱਖ-ਵੱਖ ਕਸਬਿਆਂ ’ਚੋਂ ਪਹੁੰਚੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

Manoj

This news is Content Editor Manoj